ਡਾ. ਜਗਦੀਪ ਸੰਧੂ
ਭਾਰਤੀ ਸੰਗੀਤ ਨਾਟਕ ਅਕਾਦਮੀ ਭਾਰਤ ਸਰਕਾਰ ਦਾ ਇੱਕ ਅਜਿਹਾ ਅਦਾਰਾ ਹੈ ਜੋ ਵੱਖ-ਵੱਖ ਕਲਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਇਹ ਅਦਾਰਾ ਕਲਾ ਜਗਤ ਨਾਲ ਜੁੜੇ ਕਲਾਕਾਰਾਂ ਲਈ ਵੱਖ-ਵੱਖ ਪੱਧਰਾਂ ’ਤੇ ਕੰਮ ਕਰਦਾ ਹੈ ਤਾਂ ਜੋ ਉਨ੍ਹਾਂ ਦਾ ਮਾਣ-ਸਨਮਾਨ ਕਰ ਕੇ ਉੁਨ੍ਹਾਂ ਨੂੰ ਕਲਾ ਖੇਤਰ ’ਚ ਕੀਤੇ ਕਾਰਜਾਂ ਲਈ ਸਤਿਕਾਰ ਅਤੇ ਮਾਨਤਾ ਦਿੱਤੀ ਜਾ ਸਕੇ। ਇਸੇ ਉਦੇਸ਼ ਦੇ ਮੱਦੇਨਜ਼ਰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਨਾਟਕ, ਸੰਗੀਤ ਅਤੇ ਨ੍ਰਿਤ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਵਾਲੇ ਲੇਖਕਾਂ/ਕਲਾਕਾਰਾਂ ਨੂੰ ਹਰ ਸਾਲ ‘ਭਾਰਤੀ ਸੰਗੀਤ ਨਾਟਕ ਅਕਾਦਮੀ ਐਵਾਰਡ’ ਦਿੱਤਾ ਜਾਂਦਾ ਹੈ। ਪੰਜਾਬੀ ਰੰਗਮੰਚ ਲਈ ਇਹ ਮਾਣ ਦੀ ਗੱਲ ਹੈ ਕਿ ਸਾਲ 2023 ਲਈ ਇਹ ਐਵਾਰਡ ਪੰਜਾਬੀ ਨਾਟਕ ਅਤੇ ਰੰਗਮੰਚ ਵਿੱਚ ਵਿਲੱਖਣ ਕੰਮ ਬਦਲੇ ਉੱਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਮਾਣਯੋਗ ਦ੍ਰੋਪਦੀ ਮੁਰਮੂ ਵੱਲੋਂ ਦਿੱਤਾ ਗਿਆ ਹੈ।
ਪਾਲੀ ਭੁਪਿੰਦਰ ਸਿੰਘ ਇੱਕ ਨਾਟਕਕਾਰ, ਨਿਰਦੇਸ਼ਕ, ਨਾਟ-ਆਲੋਚਕ, ਫਿਲਮ ਲੇਖਕ ਹੋਣ ਦੇ ਨਾਲ-ਨਾਲ ਸਮਕਾਲ ਦੇ ਸਮਾਜਿਕ ਮਸਲਿਆਂ ਉੱਤੇ ਸੋਸ਼ਲ ਮੀਡੀਆ ਰਾਹੀਂ ਬੇਬਾਕ ਟਿੱਪਣੀਆਂ ਕਰਨ ਵਾਲਾ ਚਰਚਿਤ ਨਾਮ ਹੈ। ਜ਼ਿਲ੍ਹਾ ਫ਼ਰੀਦਕੋਟ ਦੇ ਕਸਬੇ ਜੈਤੋ ਦੇ ਜੰਮਪਲ ਪਾਲੀ ਭੁਪਿੰਦਰ ਸਿੰਘ ਨੇ ਮੁੱਢਲੀ ਵਿੱਦਿਆ ਜੈਤੋ ਵਿੱਚ ਹੀ ਪ੍ਰਾਪਤ ਕੀਤੀ ਜਿੱਥੇ ਉਸ ਨੇ ਸਕੂਲੀ ਜੀਵਨ ਵਿੱਚ ਹੀ ਬਹੁਤ ਸਾਰਾ ਸਾਹਿਤ ਪੜ੍ਹਿਆ। ਬਚਪਨ ਤੋਂ ਹੀ ਕਲਾਸਿਕ ਸਾਹਿਤ ਨਾਲ ਜੁੜਨ ਕਰ ਕੇ ਉਸ ਦੀ ਸਾਹਿਤਕ ਸਮਝ ਬਹੁਤ ਗਹਿਰੀ ਹੋ ਗਈ ਅਤੇ ਜੈਤੋ ਵਿੱਚ ਹੀ ‘ਪੰਜ ਦਰਿਆ’ ਨਾਮ ਦਾ ਥੀਏਟਰ ਗਰੁੱਪ ਬਣਾ ਕੇ ਨਾਟ-ਪੇਸ਼ਕਾਰੀਆਂ ਸ਼ੁਰੂ ਕਰ ਦਿੱਤੀਆਂ। ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿੱਚ ਵਿਦਿਆਰਥੀ ਜੀਵਨ ਵਿੱਚ ਉਸ ਦੇ ਰੰਗਮੰਚੀ ਸਫ਼ਰ ਦੀ ਸ਼ੁਰੂਆਤ ਬਹੁਤ ਤੀਬਰ ਗਤੀ ਨਾਲ ਹੋਈ। ਮੁੱਢਲੇ ਦੌਰ ਵਿੱਚ ਹੀ ਨਾਟਕ ‘ਇਸ ਚੌਕ ਤੋਂ ਸ਼ਹਿਰ ਦਿਸਦਾ ਹੈ’ ਰਾਹੀਂ ਉਸ ਦੀ ਸਮਰੱਥ ਨਾਟਕਕਾਰ ਵਜੋਂ ਪਛਾਣ ਬਣਨ ਲੱਗੀ। ਲੰਮਾ ਸਮਾਂ ਕਾਲਜ ਵਿੱਚ ਅਧਿਆਪਨ ਮਗਰੋਂ ਉਹ 2014 ਤੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਬਤੌਰ ਐਸੋਸੀਏਟ ਪ੍ਰੋਫੈਸਰ, ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਿਹਾ ਹੈ।
ਪਾਲੀ ਭੁਪਿੰਦਰ ਸਿੰਘ ਹੁਣ ਤੱਕ ਲਗਭਗ 40 ਨਾਟਕ (ਇਕਾਂਗੀ ਅਤੇ ਪੂਰੇ ਨਾਟਕ) ਲਿਖ ਚੁੱਕਾ ਹੈ। ਇਹ ਸਫ਼ਰ ਨਿਰੰਤਰ ਜਾਰੀ ਹੈ। ਉਸ ਦੇ ਕੁਝ ਪ੍ਰਸਿੱਧ ਨਾਟਕ ‘ਦਿੱਲੀ ਰੋਡ ’ਤੇ ਇੱਕ ਹਾਦਸਾ’, ‘ਤੁਹਾਨੂੰ ਕਿਹੜਾ ਰੰਗ ਪਸੰਦ ਹੈ’, ‘ਰੌਂਗ ਨੰਬਰ’, ‘ਖੱਡ’, ‘ਪਿਆਸਾ ਕਾਂ’ (ਸੋਲੋ ਨਾਟਕ), ‘ਇੱਕ ਸੁਪਨੇ ਦਾ ਰਾਜਨੀਤਕ ਕਤਲ’, ‘ਇਡੀਪਸ’, ‘ਮੈਂ ਭਗਤ ਸਿੰਘ’, ‘ਮੈਂ ਫਿਰ ਆਵਾਂਗਾ’, ‘ਉਸਨੂੰ ਕਹੀਂ’, ‘ਸਿਰਜਨਾ’, ‘ਇਸ ਚੌਕ ਤੋਂ ਸ਼ਹਿਰ ਦਿਸਦਾ ਹੈ’, ‘ਮਿੱਟੀ ਦਾ ਬਾਵਾ’, ‘ਟੈੱਰਰਿਸਟ ਦੀ ਪ੍ਰੇਮਿਕਾ’, ‘ਚੰਦਨ ਦੇ ਓਹਲੇ’, ‘ਘਰ ਘਰ’, ‘ਘਰ ਗੁੰਮ ਹੈ’, ‘ਰਾਤ ਚਾਨਣੀ’, ‘ਲੱਲੂ ਰਾਜ ਕੁਮਾਰ ਤੇ ਤਿੰਨ ਰੰਗੀ ਪਰੀ’ ਹਨ। ਪਾਲੀ ਭੁਪਿੰਦਰ ਸਿੰਘ ਦੀਆਂ ਬਤੌਰ ਨਾਟਕਕਾਰ/ਨਿਰਦੇਸ਼ਕ ਕੁਝ ਵਿਲੱਖਣਤਾਵਾਂ ਕਰ ਕੇ ਉਸ ਦਾ ਕਾਰਜ ਗੌਲਣਯੋਗ ਹੈ। ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਉਸ ਦੇ ਸਮੁੱਚੇ ਨਾਟਕੀ ਪੈਰਾਡਾਈਮ ਵਿੱਚ ਭਰਪੂਰ ਨਾਟਕੀਅਤਾ ਹੈ। ਕਿਤੇ ਵੀ ਉਸ ਦਾ ਰੰਗਮੰਚ ਸੰਬੋਧਨੀ ਸ਼ੈਲੀ, ਵਿਆਖਿਆ ਅਤੇ ਲੰਮੇਰੇ ਬਿਰਤਾਂਤਕ ਹਵਾਲਿਆਂ ਵਾਲਾ ਨਹੀਂ ਬਣਦਾ ਸਗੋਂ ਉਸ ਦੇ ਪਾਤਰ ਮਨੁੱਖੀ ਵਿਹਾਰ ਦੇ ਨੇੜੇ ਜਿਊਂਦੇ-ਜਾਗਦੇ ਪ੍ਰਤੀਤ ਹੁੰਦੇ ਹਨ। ਇਨ੍ਹਾਂ ਪਾਤਰਾਂ ਦੇ ਅੰਦਰੂਨੀ ਘੋਲ, ਕਸ਼ਮਕਸ਼, ਸੰਵੇਦਨਾਵਾਂ, ਅਕਾਂਖਿਆਵਾਂ ਤੇ ਮਨ ਦੀ ਪੇਸ਼ਕਾਰੀ ਵਾਰਤਾਲਾਪਾਂ ਅਤੇ ਦ੍ਰਿਸ਼ ਸਿਰਜਣਾ ਰਾਹੀਂ ਪੇਸ਼ ਕਰਨ ਵਿੱਚ ਉਸ ਵਰਗੀ ਮੁਹਾਰਤ ਪੰਜਾਬੀ ਰੰਗਮੰਚ ਵਿੱਚ ਬਹੁਤ ਘੱਟ ਨਾਟਕਕਾਰਾਂ ਦੇ ਹਿੱਸੇ ਆਈ ਹੈ। ਬਲਵੰਤ ਗਾਰਗੀ ਤੋਂ ਬਾਅਦ ਇਹ ਸਮਰੱਥਾ ਪਾਲੀ ਭੁਪਿੰਦਰ ਸਿੰਘ ਵਿੱਚ ਦੇਖਣ ਨੂੰ ਮਿਲਦੀ ਹੈ। ਅਗਲਾ ਮਹੱਤਵਪੂਰਨ ਤੱਥ ਇਹ ਹੈ ਕਿ ਉਸ ਦੇ ਰੰਗਮੰਚ ਵਿੱਚ ਵਿਚਾਰ ਦੀ ਪੇਸ਼ਕਾਰੀ ਲਈ ਸਮੁੱਚੀ ਭਾਸ਼ਾ ਰੰਗਮੰਚੀ ਸੰਰਚਨਾ ਵਾਲੀ ਹੈ ਜਿਸ ਵਿੱਚ ਵਾਰਤਾਲਾਪ, ਸੰਗੀਤ, ਦ੍ਰਿਸ਼ ਸਿਰਜਣਾ, ਸਟੇਜ ਸੈਟਿੰਗ ਅਤੇ ਸਭ ਤੋਂ ਵਧੇਰੇ ਦ੍ਰਿਸ਼ ਦੇ ਭਾਵ ਸ਼ਾਮਲ ਹਨ। ਉਹ ਆਪਣੇ ਨਾਟਕ ਵਿੱਚ ਦਰਸ਼ਕ ਅਤੇ ਪਾਠਕ ਦੋਹਾਂ ਦਾ ਹੀ ਵਿਸ਼ੇਸ਼ ਖ਼ਿਆਲ ਰੱਖਦਾ ਹੈ। ਇਸ ਸਦਕਾ ਦਰਸ਼ਕ/ਪਾਠਕ ਇੱਕ ਮਿੰਟ ਲਈ ਵੀ ਆਪਣਾ ਧਿਆਨ ਏਧਰ-ਓਧਰ ਨਹੀਂ ਕਰ ਸਕਦਾ ਅਤੇ ਨਾ ਹੀ ਅਕੇਵਾਂ ਮਹਿਸੂਸ ਕਰਦਾ ਹੈ। ਦਰਸ਼ਕ/ਪਾਠਕ ਨੂੰ ਆਪਣੇ ਨਾਲ ਲਗਾਤਾਰ ਜੋੜ ਕੇ ਰੱਖਣ ਲਈ ਉਹ ਆਪਣੇ ਨਾਟਕ ਵਿਉਂਤਣ (ਲਿਖਣਾ ਅਤੇ ਪੇਸ਼ਕਾਰੀ) ਵੇਲੇ ਕਈ ਤਰ੍ਹਾਂ ਦੀਆਂ ਜੁਗਤਾਂ ਦੀ ਵਰਤੋਂ ਕਰਦਾ ਹੈ ਅਤੇ ਇਹ ਜੁਗਤਾਂ ਉਸ ਨੇ ਆਪਣੇ ਰੰਗਮੰਚੀ ਅਨੁਭਵ ਵਿੱਚੋਂ ਘੜੀਆਂ ਹਨ। ਗੰਭੀਰ ਵਿਸ਼ੇ ’ਤੇ ਗੱਲ ਕਰਦਿਆਂ ਉਹ ਕਈ ਵਾਰ ਨਾਟਕੀ ਤਣਾਅ ਵਿੱਚ ਇੰਨਾ ਗਹਿਰਾ ਉਤਰ ਜਾਂਦਾ ਹੈ ਜਿੱਥੇ ਦਰਸ਼ਕ ਦਾ ਮਨ ਵੀ ਤਣਾਅ ਅਤੇ ਗੰਭੀਰਤਾ ਦੀ ਸਿਖਰ ’ਤੇ ਹੁੰਦਾ ਹੈ। ਠੀਕ ਉਸੇ ਪਲ ਉਸ ਦਾ ਕੋਈ ਵਿਅੰਗਾਤਮਕ ਵਾਰਤਾਲਾਪ ਦਰਸ਼ਕ ਨੂੰ ਤਣਾਅ ਵਿੱਚੋਂ ਕੱਢ ਕੇ ਸਹਿਜ ਕਰਦਾ ਹੈ ਅਤੇ ਫੇਰ ਅਗਲੇ ਪਲ ਨਾਟਕ ਗੰਭੀਰ ਨਾਟਕੀ ਤਣਾਅ ਵੱਲ ਪਰਤ ਜਾਂਦਾ ਹੈ। ਦਰਸ਼ਕ ਦੇ ਮਨ ਵਿੱਚ ਆਇਆ ਉਤਰਾਅ-ਚੜ੍ਹਾਅ ਨਾਟਕੀ ਪੇਸ਼ਕਾਰੀ ਨੂੰ ਯਥਾਰਥਵਾਦੀ ਅਤੇ ਮਾਨਵੀ ਵਿਹਾਰ ਦੇ ਨੇੜੇ ਲੈ ਜਾਂਦਾ ਹੈ। ਉਂਜ, ਇਹ ਮੰਨਿਆ ਜਾਂਦਾ ਹੈ ਕਿ ਗੰਭੀਰ ਵਿਸ਼ੇ ’ਤੇ ਗੱਲ ਕਰਦਿਆਂ ਕਟਾਖਸ਼ ਜਾਂ ਕੋਈ ਵਿਅੰਗਾਤਮਕ ਇਸ਼ਾਰਾ ਨਾਟਕੀ ਭਾਵਾਂ ਨੂੰ ਖ਼ਤਮ ਕਰ ਸਕਦਾ ਹੈ ਪਰ ਪਾਲੀ ਭੁਪਿੰਦਰ ਇਸ ਦਾ ਬੜੀ ਸੂਖ਼ਮਤਾ ਨਾਲ ਸੰਤੁਲਨ ਬਣਾਉਂਦਾ ਹੈ ਅਤੇ ਇਸ ਨੂੰ ਇੱਕ ਸਫਲ ਜੁਗਤ ਵਜੋਂ ਵਰਤਣ ਵਿੱਚ ਮਾਹਿਰ ਹੈ। ਵਿਅੰਗ ਉਸ ਦੇ ਨਾਟਕਾਂ ਦੀ ਮਹੱਤਵਪੂਰਨ ਅਤੇ ਸਫਲ ਨਾਟ-ਜੁਗਤ ਹੈ। ਉਹ ਨਾਟਕ ਲਿਖਣ ਸਮੇਂ ਆਪਣੇ ਅਤੇ ਪਾਤਰ ਵਿਚਕਾਰਲੀ ਵਿੱਥ ਖ਼ਤਮ ਕਰ ਦਿੰਦਾ ਹੈ। ਇਸ ਅਭੇਦਤਾ ਦੇ ਬਾਵਜੂਦ ਉਸ ਨੂੰ ਨਾਟਕਕਾਰ ਅਤੇ ਪਾਤਰ ਵਿਚਕਾਰ ਸੂਖ਼ਮ ਭੇਦ ਰੱਖਣ ਦੀ ਵੀ ਸਮਝ ਹੈ। ਰਾਜਨੀਤੀ ਅਤੇ ਔਰਤ-ਮਰਦ ਦੇ ਸਬੰਧਾਂ ਦੀਆਂ ਗੰਭੀਰ ਦਾਰਸ਼ਨਿਕ ਸੁਰਾਂ ਪਾਲੀ ਭੁਪਿੰਦਰ ਸਿੰਘ ਦੇ ਰੰਗਮੰਚ ਦੀ ਮਹੱਤਵਪੂਰਨ ਪਛਾਣ ਹਨ। ‘ਇੱਕ ਸੁਪਨੇ ਦਾ ਰਾਜਨੀਤਕ ਕਤਲ’, ‘ਦਿੱਲੀ ਰੋਡ ’ਤੇ ਇੱਕ ਹਾਦਸਾ’, ‘ਲੱਲੂ ਰਾਜਕੁਮਾਰ ਅਤੇ ਤਿੰਨ ਰੰਗੀ ਪਰੀ’ ਅਤੇ ‘ਪਿਆਸਾ ਕਾਂ’ ਨਾਟਕਾਂ ਰਾਹੀਂ ਉਸ ਦੀ ਰਾਜਨੀਤਕ ਸਮਝ ਅਤੇ ਪ੍ਰਗਟਾਵੇ ਦੀ ਸਮਰੱਥਾ ਦਾ ਪਤਾ ਲੱਗਦਾ ਹੈ। ਉਸ ਦਾ ਮੰਨਣਾ ਹੈ ਕਿ ਮਨੁੱਖੀ ਅਵਚੇਤਨ ਬੁਨਿਆਦੀ ਤੌਰ ’ਤੇ ਰਾਜਨੀਤਕ ਹੈ। ਮਨੁੱਖ ਅਤੇ ਰਾਜਨੀਤੀ ਦੋਵੇਂ ਇੱਕ ਦੂਜੇ ਵਿੱਚ ਦਖ਼ਲ ਦਿੰਦੇ ਰਹਿੰਦੇ ਹਨ। ਮਨੁੱਖੀ ਰਿਸ਼ਤਿਆਂ, ਖ਼ਾਸਕਰ ਔਰਤ-ਮਰਦ ਦੇ ਸਬੰਧਾਂ ਵਿੱਚ ਫੈਲਦੀ ਤੇ ਵਿਗਸਦੀ ਰਾਜਨੀਤੀ ਨੂੰ ਉਸ ਨੇ ‘ਰੌਂਗ ਨੰਬਰ’, ‘ਰਾਤ ਚਾਨਣੀ’ ਅਤੇ ਆਪਣੇ ਨਵੇਂ ਲਿਖੇ ਅਣਪ੍ਰਕਾਸ਼ਿਤ ਨਾਟਕਾਂ ‘ਜਾਮ’ ਅਤੇ ‘ਛੇਵਾਂ ਤੱਤ’ ਵਿੱਚ ਬਹੁਤ ਹੀ ਸੂਖ਼ਮਤਾ ਨਾਲ ਪੇਸ਼ ਕੀਤਾ ਹੈ। ਤਿੱਖੇ ਅਤੇ ਨਾਟਕੀ ਸੰਵਾਦ ਉਸ ਦੇ ਨਾਟ-ਜਗਤ ਦੀ ਮਹੱਤਵਪੂਰਨ ਸ਼ਕਤੀ ਹਨ। ਉਸ ਦੇ ਬਹੁਤ ਸਾਰੇ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੇ ਹਨ ਜੋ ਕਿ ਭਾਰਤ ਅਤੇ ਕੈਨੇਡਾ ਵਿੱਚ ਸਫਲਤਾ ਸਹਿਤ ਪੇਸ਼ ਹੋ ਰਹੇ ਹਨ ਅਤੇ ਕਈ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਵੀ ਹਨ।
ਨਾਟ-ਆਲੋਚਨਾ ਦੇ ਖੇਤਰ ਵਿੱਚ ਵੀ ਉਸ ਦਾ ਜ਼ਿਕਰਯੋਗ ਕਾਰਜ ਹੈ। ਇਸ ਤਹਿਤ ਉਸ ਨੇ ਪੰਜਾਬੀ ਨਾਟਕ ਦੀ ਪ੍ਰਕਿਰਤੀ ਨੂੰ ਸਮਝਣ ਲਈ ਸਾਰੇ ਹੀ ਪੰਜਾਬੀ ਨਾਟਕ (ਲਗਭਗ 1100) ਪੜ੍ਹ ਕੇ ਪੰਜਾਬੀ ਨਾਟਕ ਦਾ ਨਾਟ-ਸਾਸ਼ਤਰ ਲਿਖਿਆ ਹੈ ਜਿਸ ਵਿੱਚ ਕਈ ਮਹੱਤਵਪੂਰਨ ਅਤੇ ਨਿਵੇਕਲੀਆਂ ਧਾਰਨਾਵਾਂ ਦਿੱਤੀਆਂ ਹਨ। ਉਹ ਕੌਮਾਂਤਰੀ ਰੰਗਮੰਚ ਨੂੰ ਵੇਖਦਾ ਰਹਿੰਦਾ ਹੈ ਅਤੇ ਪੰਜਾਬੀ ਰੰਗਮੰਚ ਵਿੱਚ ਵੀ ਅਜਿਹੇ ਨਵੇਂ ਪ੍ਰਯੋਗ ਕਰ ਰਿਹਾ ਹੈ ਤਾਂ ਕਿ ਪੰਜਾਬੀ ਰੰਗਮੰਚ ਨੂੰ ਕੌਮਾਂਤਰੀ ਪੱਧਰ ’ਤੇ ਇੱਕ ਵਿਲੱਖਣ ਪਛਾਣ ਮਿਲ ਸਕੇ। ਨਾਟਕ ਅਤੇ ਰੰਗਮੰਚ ਬਾਰੇ ਉਹ ਆਪਣੇ ਯੂ-ਟਿਊਬ ਚੈਨਲ ਰਾਹੀਂ ਨਵੀਨ ਤੇ ਮਹੱਤਵਪੂਰਨ ਸਿਧਾਂਤਕ ਅਤੇ ਵਿਹਾਰਕ ਜਾਣਕਾਰੀ ਦੇ ਰਿਹਾ ਹੈ ਜੋ ਕਿ ਸਿਖਾਂਦਰੂਆਂ ਲਈ ਬਹੁਤ ਮੁੱਲਵਾਨ ਹੈ। ਭਵਿੱਖ ਵਿੱਚ ਇਸ ਸਮਰੱਥ, ਪ੍ਰਤਿਭਾਸ਼ਾਲੀ ਅਤੇ ਅਨੁਭਵੀ ਨਾਟਕਕਾਰ ਤੋਂ ਪੰਜਾਬੀ ਰੰਗਮੰਚ ਨੂੰ ਹੋਰ ਵੀ ਵੱਡੀਆਂ ਉਮੀਦਾਂ ਹਨ।
ਸੰਪਰਕ: 98726-00926