ਹਰਜੀਤ ਸਿੰਘ
ਜ਼ੀਰਕਪੁਰ, 9 ਮਾਰਚ
ਢਕੋਲੀ ਇਲਾਕੇ ਦੇ ਐੱਮਐੱਸ ਐਨਕਲੇਵ ਵਿੱਚ ਸਥਿਤ ਇੱਕ ਘਰ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਸ਼ੱਕੀ ਹਾਲਾਤਾਂ ਵਿੱਚ ਅੱਗ ਲੱਗ ਗਈ। ਇਸ ਦੌਰਾਨ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਮੌਕੇ ’ਤੇ ਪਹੁੰਚੇ ਸਥਾਨਕ ਲੋਕਾਂ ਨੇ ਸਬਮਰਸੀਬਲ ਪੰਪ ਆਦਿ ਤੋਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਅੱਗ ’ਤੇ ਕਾਬੂ ਪੈਂਦਾ ਨਾ ਦੇਖ ਮਾਮਲੇ ਸੰਬਧੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਜ਼ੀਰਕਪੁਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਫਾਇਰ ਟੈਂਡਰ ਦੀ ਮਦਦ ਨਾਲ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਨਾਲ ਲੱਖਾਂ ਦਾ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਢਕੋਲੀ ਖੇਤਰ ਦੇ ਐੱਮਐੱਸ ਐਨਕਲੇਵ ਵਿੱਚ ਮਕਾਨ ਨੰਬਰ-32 ਵਿੱਚੋਂ ਦੁਪਹਿਰ 3: 30 ਵਜੇ ਲੋਕਾਂ ਨੇ ਧੂੰਆਂ ਨਿਕਲਦਾ ਵੇਖਿਆ ਅਤੇ ਮਾਮਲੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਜੋ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਅੱਗ ਬੁਝਾਉਣ ਦੀ ਕਾਰਵਾਈ ਆਰੰਭ ਕਰ ਦਿੱਤੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾਉਣ ਲਈ ਇਕ ਘੰਟੇ ਤੱਕ ਕੜੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਕਾਰਨ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਾਮਲੇ ਸੰਬਧੀ ਘਰ ਦੀ ਮਾਲਕ ਦਿਵਾਸੀ ਅਰੋੜਾ ਨੇ ਕਿਹਾ ਕਿ ਉਹ ਫਿਲਹਾਲ ਘਰ ਵਿੱਚ ਮੌਜੂਦ ਨਹੀਂ ਹਨ। ਉਨ੍ਹਾਂ ਨੂੰ ਗੁਆਂਢੀਆਂ ਤੋਂ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਘਰ ਪਹੁੰਚ ਕੇ ਹੀ ਨੁਕਸਾਨ ਸੰਬਧੀ ਦੱਸਿਆ ਜਾ ਸਕਦਾ ਹੈ। ਮਾਮਲੇ ਸਬੰਧੀ ਫਾਇਰ ਅਫ਼ਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਰੀਬ 4 ਵਜੇ ਜਾਣਕਾਰੀ ਮਿਲੀ ਸੀ ਅਤੇ ਅੱਗ ’ਤੇ ਸ਼ਾਮ 5 ਵਜੇ ਤੱਕ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।