ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਮਾਰਚ
ਅੱਜ ਦੇਰ ਰਾਤ ਵਿਆਹੁਤਾ ਵੱਲੋਂ ਜ਼ਹਿਰ ਖਾਣ ਤੋਂ ਬਾਅਦ ਮਾਛੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਖੂਨੀ ਲੜਾਈ ਵਿਚ ਲੜਕੀ ਦਾ ਦਿਓਰ ਸੁਖਚੈਨ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਦੋਂਕਿ ਸਹੁਰਾ ਗੁਲਸ਼ਨ ਸਿੰਘ ਤੇ ਇੱਕ ਹੋਰ ਰਿਸ਼ਤੇਦਾਰ ਵੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਸਿਕੰਦਰਪੁਰ ਵਿੱਚ ਵਿਆਹੀ ਜਸਵੀਰ ਕੌਰ ਨੇ ਘਰੇਲੂ ਕਾਰਨਾਂ ਕਰਕੇ ਜ਼ਹਿਰ ਖਾ ਲਿਆ, ਜਿਸ ਕਾਰਨ ਉਸਦਾ ਸਹੁਰਾ ਪਰਿਵਾਰ ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਆਇਆ। ਵਿਆਹੁਤਾ ਵਲੋਂ ਜ਼ਹਿਰ ਖਾਣ ਦੀ ਖ਼ਬਰ ਜਿਉਂ ਹੀ ਪੇਕੇ ਪਰਿਵਾਰ ਪਿੰਡ ਬੌਂਕੜਾ ਵਿੱਚ ਪੁੱਜੀ ਤਾਂ ਉਹ ਵੀ ਹਸਪਤਾਲ ਪਹੁੰਚੇ, ਜਿੱਥੇ ਦੋਵਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਐਨੀ ਵਧ ਗਈ ਕਿ ਇਸ ਲੜਾਈ ਨੇ ਖੂਨੀ ਰੂਪ ਧਾਰਨ ਕਰ ਲਿਆ। ਹਸਪਤਾਲ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਘਟਨਾ ਕੈਦ ਹੋ ਗਈ, ਜਿਸ ’ਚ ਪੇਕੇ ਪਰਿਵਾਰ ਤੋਂ ਆਏ ਰਿਸ਼ਤੇਦਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਦਿਓਰ ਸੁਖਚੈਨ ਸਿੰਘ ’ਤੇ ਹਮਲਾ ਕਰ ਦਿੱਤਾ ਤੇ ਉਹ ਉਹ ਲਹੂ-ਲੁਹਾਨ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਪੁਲੀਸ ਪਾਰਟੀ ਸਣੇ ਪਹੁੰਚੇ, ਜਿਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਖੂਨੀ ਲੜਾਈ ’ਤੇ ਕਾਬੂ ਪਾਇਆ ਅਤੇ ਵਿਆਹੁਤਾ ਦੇ ਪੇਕੇ ਪਰਿਵਾਰ ’ਚੋਂ ਹਮਲਾ ਕਰਨ ਵਾਲੇ ਰਿਸ਼ਤੇਦਾਰਾਂ ਨੂੰ ਕਾਬੂ ਕਰ ਲਿਆ। ਜਖ਼ਮੀ ਹੋਏ ਗੁਲਸ਼ਨ ਸਿੰਘ ਨੇ ਦੱਸਿਆ ਕਿ ਘਰੇਲੂ ਝਗੜੇ ਕਾਰਨ ਉਨ੍ਹਾਂ ਦੀ ਨੂੰਹ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜੋ ਖ਼ਤਰੇ ਤੋਂ ਬਿਲਕੁਲ ਬਾਹਰ ਹੈ ਪਰ ਪੇਕੇ ਪਰਿਵਾਰ ਨੇ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ।