ਪੱਤਰ ਪ੍ਰੇਰਕ
ਮਾਨਸਾ, 11 ਮਾਰਚ
ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਵੱਲੋਂ ਸਿਹਤ ਸੰਸਥਾਵਾਂ ਅੰਦਰ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਦਫ਼ਤਰ ਅਤੇ ਆਮ ਆਦਮੀ ਕਲੀਨਿਕ ਠੂਠਿਆਂਵਾਲੀ ਰੋਡ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੀ ਮੌਜੂਦ ਸਨ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਤੇ ਟੈਸਟ ਹਸਪਤਾਲਾਂ ਦੇ ਅੰਦਰੋਂ ਅਤੇ ਮੁਫਤ ਮਿਲਣੇ ਚਾਹੀਦੇ ਹਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ, ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨਾਲ ਵਿਹਾਰ ਤੇ ਇਲਾਜ਼ ਤਸੱਲੀਬਖਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ, ਆਮ ਆਦਮੀ ਕਲੀਨਿਕ ਵਿੱਚ 40 ਕਿਸਮ ਦੇ ਟੈਸਟ ਅਤੇ 80 ਕਿਸਮ ਦੀਆਂ ਮੁਫ਼ਤ ਦਵਾਈਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਹਦਾਇਤ ਕੀਤੀ।