ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਮਾਰਚ
ਸ਼ਾਹੀਨ ਬਾਗ਼ ਦੇ ਇਲਾਕੇ ਵਿੱਚ ਤਣਾਓ ਭਰੀ ਖਾਮੋਸ਼ੀ ਦੇਖੀ ਜਾ ਸਕਦੀ ਹੈ। ਸੀਏਏ ਲਾਗੂ ਹੋਣ ਮਗਰੋਂ ਖੇਤਰ ਦੇ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਨਾਲ ਮੁਸਲਿਮ ਆਬਾਦੀ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਰਮਜ਼ਾਨ ਦੇ ਪਹਿਲੇ ਦਿਨ ਇਲਾਕਾ ਸ਼ਾਂਤੀਪੂਰਨ ਸੀ, ਕੁੜਤਾ-ਪਜਾਮਾ ਅਤੇ ਟੋਪੀਆਂ ਪਹਿਨੇ ਲੋਕ ਦੁਪਹਿਰ ਦੀ ਨਮਾਜ਼ ਲਈ ਸਥਾਨਕ ਮਸਜਿਦ ਵੱਲ ਜਾ ਰਹੇ ਸਨ। ਸ਼ਾਹੀਨ ਬਾਗ 2019-2020 ਵਿੱਚ 100 ਦਿਨਾਂ ਤੱਕ ਸੀਏਏ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਰਿਹਾ ਸੀ। ਬਹੁਤ ਸਾਰੇ ਵਸਨੀਕਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਮੌਜੂਦਾ ਸ਼ਾਸਨ ਦੇ ਵਿਰੁੱਧ ਬੋਲਣ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇੱਕ ਪੁਲੀਸ ਅਧਿਕਾਰੀ ਦੇ ਅਨੁਸਾਰ ਅਸ਼ਾਂਤੀ ਦੀ ਸੰਭਾਵਨਾ ਤੋਂ ਬਚਣ ਲਈ ਖੇਤਰ ਵਿੱਚ ਲਗਭਗ 500 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।