ਪੇਈਚਿੰਗ, 13 ਮਾਰਚ
ਚੀਨ ਨੇ ਕਿਹਾ ਕਿ ਭਾਰਤ ਨਾਲ ਸਰਹੱਦੀ ਵਿਵਾਦ ਦੁਵੱਲੇ ਸਬੰਧਾਂ ਦੀ ਪੂਰੀ ਪ੍ਰਤੀਨਿਧਤਾ ਨਹੀਂ ਕਰਦਾ ਹੈ। ਚੀਨ ਨੇ ਗਲਤਫਹਿਮੀ ਤੋਂ ਬਚਣ ਲਈ ਦੋਵੇਂ ਮੁਲਕਾਂ ਵਿਚਾਲੇ ਆਪਸੀ ਵਿਸ਼ਵਾਸ ਵਧਾਉਣ ਦਾ ਸੱਦਾ ਦਿੱਤਾ ਹੈ। ਭਾਰਤ ਆਖਦਾ ਆ ਰਿਹਾ ਹੈ ਕਿ ਚੀਨ ਨਾਲ ਉਸ ਦੇ ਰਿਸ਼ਤੇ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਕਾਇਮ ਕੀਤੇ ਜਾਣ ਤੱਕ ਸੁਖਾਵੇਂ ਨਹੀਂ ਹੋ ਸਕਦੇ ਹਨ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਦਿੱਤੇ ਬਿਆਨ ਕਿ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦਾ ਇਕੱਠ ਦੋਵੇਂ ਮੁਲਕਾਂ ਲਈ ਠੀਕ ਨਹੀਂ ਹੈ, ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੇਨਬਿਨ ਨੇ ਕਿਹਾ ਕਿ ਦੁਵੱਲੇ ਸਬੰਧਾਂ ਵਿੱਚ ਸਰਹੱਦੀ ਮੁੱਦੇ ਨੂੰ ਢੁੱਕਵੇਂ ਢੰਗ ਨਾਲ ਰੱਖਣ ਦੇ ਨਾਲ ਨਾਲ ਉਸ ’ਤੇ ਅਮਲ ਹੋਣਾ ਚਾਹੀਦਾ ਹੈ। ਵੈਂਗ ਨੇ ਕਿਹਾ ਕਿ ਚੀਨ ਅਤੇ ਭਾਰਤ ਸਰਹੱਦ ’ਤੇ ਪੈਦਾ ਹੋਏ ਹਾਲਾਤ ਦਾ ਫੌਰੀ ਨਿਬੇੜਾ ਚਾਹੁੰਦੇ ਹਨ ਅਤੇ ਇਹ ਮਾਮਲਾ ਦੋਵੇਂ ਮੁਲਕਾਂ ਦੇ ਸਾਂਝੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਆਸ ਜਤਾਈ ਕਿ ਦੋਵੇਂ ਮੁਲਕ ਆਪਣੇ ਆਪਣੇ ਆਗੂਆਂ ਵਿਚਕਾਰ ਵਿਸ਼ਵਾਸ ਬਹਾਲੀ ਦੇ ਯਤਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਿਆਂ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਗੱਲਬਾਤ ਰਾਹੀਂ ਸਰਹੱਦੀ ਮਸਲਿਆਂ ਦਾ ਢੁੱਕਵਾਂ ਹੱਲ ਲੱਭਣਗੇ ਜੋ ਦੋਹਾਂ ਨੂੰ ਸਵੀਕਾਰਨਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵੀ ਚੀਨ ਨਾਲ ਰਲ ਕੇ ਦੁਵੱਲੇ ਸਬੰਧਾਂ ਨੂੰ ਰਣਨੀਤਕ ਤੇ ਲੰਬੇ ਨਜ਼ਰੀਏ ਨਾਲ ਕੰਮ ਕਰੇਗਾ। ਵੈਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਵਿਸ਼ਵਾਸ ਵਧਾਉਣਾ ਚਾਹੀਦਾ ਹੈ ਤੇ ਗਲਤਫਹਿਮੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਤਭੇਦਾਂ ਨੂੰ ਸਹੀ ਢੰਗ ਨਾਲ ਸੰਭਾਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਿਕ ਪੂਰਬੀ ਲੱਦਾਖ ’ਚ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਕੁਝ ਿੲਲਾਕੇ ’ਚ ਆਹਮੋ-ਸਾਹਮਣੇ ਹਨ ਅਤੇ ਮਸਲਾ ਸੁਲਝਾਉਣ ਲਈ ਕਈ ਗੇੜ ਦੀ ਗੱਲਬਾਤ ਹੋ ਚੁੱਕੀ ਹੈ। -ਪੀਟੀਆਈ