ਗੁਰਿੰਦਰ ਸਿੰਘ
ਲੁਧਿਆਣਾ, 13 ਮਾਰਚ
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਅੱਜ ਇੱਥੋਂ ਰਵਾਨਾ ਹੋ ਗਏ ਹਨ। ਜਮਹੂਰੀ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦਾ ਜੱਥਾ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾਂ ਦੀ ਅਗਵਾਈ ਹੇਠ ਅੱਜ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ।
ਇਸੇ ਤਰ੍ਹਾਂ ਬੀਕੇਯੂ ਏਕਤਾ ਉਗਰਾਹਾਂ ਦੇ ਜਥੇ ਵੀ ਵੱਖ ਵੱਖ ਥਾਵਾਂ ਤੋਂ ਰਵਾਨਾ ਹੋਏ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਹਾਕਮ ਸਿੰਘ ਜਰਗੜੀ ਤੇ ਜਸਵੀਰ ਸਿੰਘ ਅਸ਼ਗਰੀਪੁਰ ਨੇ ਕਿਹਾ ਕਿ ਜੇ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਸ ਦਾ ਖ਼ਮਿਆਜ਼ਾ ਭੁਗਤਣ ਲਈ ਤਿਆਰ ਰਹੇ।
ਪਾਇਲ (ਦਵਿੰਦਰ ਜੱਗੀ): ਸੰਯੁਕਤ ਕਿਸਾਨ ਮੋਰਚਾ ਅਤੇ ਬੀਕੇਯੂ ਏਕਤਾ ਉਗਰਾਹਾਂ ਵਲੋਂ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ 14 ਮਾਰਚ ਨੂੰ ਹੋਣ ਵਾਲੀ ਮਹਾ ਕਿਸਾਨ ਪੰਚਾਇਤ ਵਿੱਚ ਸ਼ਾਮਲ ਹੋਣ ਲਈ ਬਲਾਕ ਮਲੌਦ ਤੋਂ ਦੋ ਬੱਸਾਂ ਅਤੇ ਇੱਕ ਕਾਰ ਰਾਹੀਂ ਕਿਸਾਨ ਰਵਾਨਾ ਹੋਏ। ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ, ਕਰਜ਼ਾ ਮੁਆਫ਼ੀ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ, ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਦੇਸ਼ ਭਰ ਤੋਂ ਕਿਸਾਨ ਰਾਮਲੀਲਾ ਮੈਦਾਨ ਵਿੱਚ ਪਹੁੰਚ ਕੇ ਸਰਕਾਰ ’ਤੇ ਦਬਾਅ ਬਣਾਉਣਗੇ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਵਰਕਰਾਂ ਦਾ ਜਥਾ ਦਿੱਲੀ ਕਿਸਾਨ ਮਹਾ-ਪੰਚਾਇਤ ਲਈ ਰਵਾਨਾ ਹੋਇਆ। ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਜਗਰਾਉਂ, ਸਿੱਧਵਾਂ ਬੇਟ, ਰਾਏਕੋਟ ਬਲਾਕਾਂ ਦੇ ਪਿੰਡਾਂ ‘ਚੋਂ ਵੱਡੀ ਗਿਣਤੀ ਕਿਸਾਨ ਰਵਾਨਾ ਹੋਏ।
ਸਥਾਨਕ ਰੇਲਵੇ ਸਟੇਸ਼ਨ ’ਤੇ ਕਿਸਾਨ ਆਗੂਆਂ ਨੇ ਕੇਂਦਰੀ ਹਕੂਮਤ ਵਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਕਾਨੂੰਨ ਨੂੰ ਘੱਟ ਗਿਣਤੀਆਂ ਵਿਰੋਧੀ ਕਾਨੂੰਨ ਕਰਾਰ ਦਿੰਦਿਆਂ ਇਸ ਨੂੰ ਰੱਦ ਕਰਨ ਲਈ ਆਵਾਜ਼ ਬੁਲੰਦ ਕੀਤੀ। ਸਕੱਤਰ ਰਛਪਾਲ ਸਿੰਘ ਡੱਲਾ ਅਤੇ ਸਰਬਜੀਤ ਸਿੰਘ ਧੂੜਕੋਟ ਨੇ ਦੱਸਿਆ ਕਿ ਹੁਣ ਮੁਲਕ ਦੇ ਲੋਕ ਭਾਜਪਾ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੀਡੀਆ ਰਾਹੀਂ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਰਿਹਾ ਹੈ। ਇਸ ਸਮੇਂ ਪਰਮਿੰਦਰ ਸਿੰਘ ਪਿੱਕਾ, ਕੁੰਡਾ ਸਿੰਘ ਕਾਉਂਕੇ, ਸੁਰਜੀਤ ਸਿੰਘ ਦੌਧਰ, ਕੁਲਵਿੰਦਰ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਲਕੇ 14 ਮਾਰਚ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਜਮਹੂਰੀ ਕਿਸਾਨ ਸਭਾ ਦੀ ਕਿਲ੍ਹਾ ਰਾਏਪੁਰ ਇਲਾਕਾ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਇਲਾਕਾ ਕਮੇਟੀ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ ਅਤੇ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਪਿੰਡਾਂ ਤੋਂ ਵੀ ਕਿਸਾਨਾਂ ਦੇ ਜਥੇ ਰਵਾਨਾ ਹੋਏ ਹਨ।