ਮੁੰਬਈ, 15 ਮਾਰਚ
ਬੌਲੀਵੁੱਡ ਦੇ ਉੱਘੇ ਅਦਾਕਾਰ ਅਮਿਤਾਭ ਬੱਚਨ ਦੇ ਪੈਰ ਵਿੱਚ ਖੂਨ ਦਾ ਗਤਲਾ ਜਮਣ ਜਾਂ ਨਾੜੀ ਬੰਦ ਹੋਣ ਕਰ ਕੇ ਐਂਜੀਓਪਲਾਸਟੀ ਕੀਤੇ ਜਾਣ ਨਾਲ ਜੁੜੀਆਂ ਖ਼ਬਰਾਂ ਮੀਡੀਆ ਵਿੱਚ ਆਉਣ ਤੋਂ ਬਾਅਦ ਅੱਜ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਇਸ ਸਬੰਧੀ ਪੋਸਟਾਂ ਦਾ ਹੜ੍ਹ ਆ ਗਿਆ। ਦੱਸਿਆ ਜਾਂਦਾ ਹੈ ਕਿ 81 ਸਾਲਾ ਅਦਾਕਾਰ ਨੂੰ ਅੱਜ ਸਵੇਰੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਫਿਰ ਉੱਥੋਂ ਛੁੱਟੀ ਦੇ ਦਿੱਤੀ ਗਈ ਸੀ। ਹਾਲਾਂਕਿ, ਹਸਪਤਾਲ ਜਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। -ਪੀਟੀਆਈ