ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ,ਮਾਰਚ
ਵੱਖ-ਵੱਖ ਥਾਵਾਂ ਤੋਂ ਪੁਲੀਸ ਵੱਲੋਂ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ। ਥਾਣਾ ਦਰੇਸੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਸ਼ਿਵਪੁਰੀ ਚੌਕ ’ਚ ਮੌਜੂਦ ਸੀ ਤਾਂ ਨੇੜੇ ਜੰਗਮੈਨ ਫੈਕਟਰੀ ਧਰਮਪੁਰਾ ਕਲੋਨੀ ਸੀੜ੍ਹਾ ਰੋਡ ਵਾਸੀ ਸੁਖਦੇਵ ਸਿੰਘ ਇੱਕ ਮੋਟਰਸਾਈਕਲ ’ਤੇ ਆ ਰਿਹਾ ਸੀ ਪਰ ਉਹ ਪੁਲੀਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਭੱਜਣ ਲੱਗਿਆ ਤਾਂ ਉਸ ਨੂੰ ਕਾਬੂ ਕਰ ਕੇ ਮੋਟਰਸਾਈਕਲ ਬਾਬਤ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਜਦੋਂ ਮੋਟਰਸਾਈਕਲ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਉਹ ਵੀ ਜਾਅਲ਼ੀ ਪਾਇਆ ਗਿਆ। ਪੁਲੀਸ ਨੇ ਮੋਟਰਸਾਈਕਲ ਵੀ ਕਬਜ਼ੇ ਵਿੱਚ ਲੈ ਲਿਆ ਹੈ। ਥਾਣਾ ਡਵੀਜ਼ਨ ਨੰਬਰ-8 ਦੇ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਇਸੇ ਤਰ੍ਹਾਂ ਕੈਲਾਸ਼ ਚੌਕ ’ਚ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ ਮਿਲੀ ਕਿ ਵਿੱਕੀ ਲੁੱਥਰਾ ਵਾਸੀ ਮੁਹੱਲਾ ਭੰਡੇਰਾ ਫਿਲੌਰ, ਨਿਤਿਨ ਧੀਮਾਰ ਵਾਸੀ ਮੁਹੱਲਾ ਮਥੂਰਾ ਪੁਰੀ ਫਿਲੌਰ ਅਤੇ ਵਿੱਕੀ ਸਾਹਿਲ ਵਾਸੀ ਮੁਹੱਲਾ ਮਥੂਰਾ ਪੁਰੀ ਫਿਲੌਰ ਰਾਹਗੀਰਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਖੋਹਾਂ ਕਰਨ ਦੇ ਆਦੀ ਹਨ। ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਖੋਹ ਕਰਨ ਦੇ ਇਰਾਦੇ ਨਾਲ ਘੁੰਮਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 2 ਦਾਤਰ ਅਤੇ ਇੱਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਪਲਵਿੰਦਰ ਪਾਲ ਨੇ ਦੱਸਿਆ ਹੈ ਕਿ ਹਰਬੰਸਪੁਰਾ ਵਾਸੀ ਵਿਸ਼ਾਲ ਮਲਹੋਤਰਾ ਨੇ ਆਪਣਾ ਮੋਟਰਸਾਈਕਲ ’ਤੇ ਤਿਵਾੜੀ ਬਿਲਡਿੰਗ ਮਟੀਰੀਅਲ ਸਾਹਿਬਾਣਾ ਰੋਡ ਭਾਮੀਆ ਕਲਾਂ ਦੇ ਬਾਹਰ ਲਾਕ ਲਗਾ ਕੇ ਖੜਾ ਕੀਤਾ ਸੀ। ਉਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਤਫ਼ਤੀਸ਼ ਦੌਰਾਨ ਮਨਰਾਜ ਸਿੰਘ ਵਾਸੀ ਮੁੰਡੀਆ ਕਲਾਂ ਅਤੇ ਸੁਖਵਿੰਦਰ ਸਿੰਘ ਵਾਸੀ ਭਾਮੀਆਂ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।