ਸਵਰਾਜਬੀਰ
ਕੀ ਕਾਰਨ ਹੈ ਕਿ ਬਹੁਤ ਸਾਰੇ ਸਮਾਜਿਕ ਕਾਰਕੁਨ, ਦਾਨਿਸ਼ਵਰ, ਸਿਆਸੀ ਵਿਸ਼ਲੇਸ਼ਕ ਤੇ ਵਿਦਵਾਨ ਇਹ ਮਹਿਸੂਸ ਕਰ ਰਹੇ ਹਨ ਕਿ ਦੇਸ਼ ਦੀ ਜਮਹੂਰੀਅਤ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਚਕਾਰਲਾ ਰਿਸ਼ਤਾ ਬਹੁਤ ਡੂੰਘਾ, ਅਹਿਮ, ਸਜੀਵ ਤੇ ਬਹੁ-ਪਰਤੀ ਹੈ? ਕੀ ਇਸ ਦਾ ਕਾਰਨ ਇਹ ਹੈ ਕਿ 2020-21 ਵਿੱਚ ਪੰਜਾਬੀ ਕਿਸਾਨਾਂ ਦੀ ਅਗਵਾਈ ਵਿੱਚ ਹੋਏ ਕਿਸਾਨ ਸੰਘਰਸ਼ ਕਾਰਨ ਨਾ ਸਿਰਫ਼ ਕੇਂਦਰ ਸਰਕਾਰ ਨੂੰ ਕਾਰਪੋਰੇਟ ਪੱਖੀ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ ਜਾਂ ਇਸ ਦਾ ਕਾਰਨ ਇਹ ਵੀ ਹੈ ਕਿ ਉਸ ਸੰਘਰਸ਼ ਨੇ ਦੇਸ਼ ਵਿੱਚ ਸਾਂਝੀਵਾਲਤਾ ਵਾਲੀ ਜਮਹੂਰੀਅਤ ਦੇ ਨਵੇਂ ਮਿਆਰਾਂ ਦੀ ਸਿਰਜਣਾ ਕੀਤੀ? ਕੀ ਇਸ ਦਾ ਕਾਰਨ ਇਹ ਹੈ ਕਿ ਕਿਸਾਨਾਂ ਦੁਆਰਾ ਦਿੱਲੀ ਦੀਆਂ ਹੱਦਾਂ ’ਤੇ ਲਾਏ ਡੇਰਿਆਂ ਕਾਰਨ ਬਣਾਏ ਗਏ ਬੈਰੀਕੇਡਾਂ ਕਾਰਨ ਆਵਾਜਾਈ ਵਿੱਚ ਤਾਂ ਜ਼ਰੂਰ ਵਿਘਨ ਪਿਆ ਪਰ ਕਿਸਾਨਾਂ ਦੁਆਰਾ ਮੱਲੇ ਗਏ ਰਾਹ-ਰਸਤਿਆਂ ਅਤੇ ਬੈਰੀਕੇਡਾਂ ਨੇ ਜਮਹੂਰੀਅਤ ਦੇ ਨਵੇਂ ਦਰ-ਦਰਵਾਜ਼ੇ ਖੋਲ੍ਹੇ? ਜਾਂ ਇਸ ਦਾ ਕਾਰਨ ਇਹ ਹੈ ਕਿ ਕਿਸਾਨ ਸੰਘਰਸ਼ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਆਸਾਂ-ਉਮੀਦਾਂ ਦਾ ਉਹ ਸੰਸਾਰ ਬਣਾਇਆ ਜਿਸ ਦੇ ਆਧਾਰ ’ਤੇ ਦੇਸ਼ ਦੀ ਲੋਹ-ਸੱਤਾ ਅਤੇ ਕਾਰਪੋਰੇਟੀ ਨਿਜ਼ਾਮ ਦੇ ਸੰਗਮ ਦਾ ਸਾਹਮਣਾ ਕੀਤਾ ਜਾ ਸਕਦਾ ਹੈ? ਜਾਂ ਇਸ ਦਾ ਕਾਰਨ ਇਹ ਹੈ ਕਿ ਇਸ ਅੰਦੋਲਨ ਨੇ ਇਹ ਸਿੱਧ ਕੀਤਾ ਕਿ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਤਾਕਤ ਵਿਰੁੱਧ ਸ਼ਾਂਤਮਈ ਅਤੇ ਲੋਕ-ਵੇਗ ਨਾਲ ਸਰਸ਼ਾਰ ਅੰਦੋਲਨ ਖੜ੍ਹਾ ਕੀਤਾ ਜਾ ਸਕਦਾ ਹੈ ਅਤੇ ਅਸੀਮ ਤਾਕਤ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ? ਉਹ ਚੁਣੌਤੀ ਦਿੱਤੀ ਗਈ ਅਤੇ ਕਿਸਾਨ ਸੰਘਰਸ਼, ਜਿਸ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਲੋਕਾਂ ਦੀ ਹਮਾਇਤ ਹਾਸਿਲ ਹੋਈ, ਜੇਤੂ ਹੋਇਆ; ਗ਼ੈਰ-ਜਮਹੂਰੀ ਅਤੇ ਕਾਰਪੋਰੇਟੀ ਪੱਖੀ ਸ਼ਕਤੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸਦੀਆਂ ਤੋਂ ਪੰਜਾਬ ਦੇ ਇਤਿਹਾਸ ਨੇ ਪੰਜਾਬੀਆਂ ਨੂੰ ਜਬਰ ਤੇ ਜ਼ੁਲਮ ਦਾ ਵਿਰੋਧ ਕਰਨ ਦੇ ਤੌਰ-ਤਰੀਕੇ ਅਤੇ ਕਵਾਇਦ ਸਿਖਾਈ ਹੈ। ਅਜਿਹੇ ਕਈ ਵਿਰੋਧ ਤੇ ਵਿਦਰੋਹ ਕਬੀਲਿਆਂ, ਜਾਤਾਂ, ਸਥਾਨਕ ਰਾਠਾਂ ਤੇ ਰਾਜਿਆਂ-ਰਜਵਾੜਿਆਂ ਦੀ ਇੱਜ਼ਤ-ਮਾਣ ਆਦਿ ਭਾਵਨਾਵਾਂ ’ਤੇ ਆਧਾਰਿਤ ਸਨ ਅਤੇ ਕਈ ਵਾਰ ਅਜਿਹੀਆਂ ਵਲਗਣਾਂ ਨੂੰ ਤੋੜਦਿਆਂ ਵਿਆਪਕ ਵਿਦਰੋਹ ਬਣੇ। ਸਿੱਖ ਧਰਮ ਨੇ ਪੰਜਾਬੀ ਸਮਾਜ ਵਿੱਚ ਜਮਹੂਰੀ ਰੂਹ ਫੂਕੀ ਅਤੇ ਸਮਾਜ ਵਿੱਚ ਇੱਕ-ਈਸ਼ਵਰਵਾਦ, ਸਾਂਝੀਵਾਲਤਾ ਅਤੇ ਮਨੁੱਖੀ ਬਰਾਬਰੀ ਦੇ ਸੰਕਲਪਾਂ ਦਾ ਸੰਚਾਰ ਸ਼ੁਰੂ ਹੋਇਆ। ਜਿੱਥੇ ਜੋਗੀਆਂ ਤੇ ਸੂਫ਼ੀਆਂ ਨੇ ਪੰਜਾਬੀਆਂ ਨੂੰ ਧਾਰਮਿਕ ਤੇ ਸਮਾਜਿਕ ਕੱਟੜਤਾ ਵਿਰੁੱਧ ਲੜਨਾ ਸਿਖਾਇਆ, ਉੱਥੇ ਸਿੱਖ ਧਰਮ ਨੇ ਪੰਜਾਬੀ ਸਮਾਜ ਦੀ ਊਰਜਾ ਨੂੰ ਸੰਗਠਿਤ ਇਤਿਹਾਸ-ਮੁਖੀ ਤੇਵਰ ਦੇ ਕੇ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਉੱਤਰੀ ਖ਼ਿੱਤੇ ਦੀ ਪ੍ਰਮੁੱਖ ਸਿਆਸੀ ਤਾਕਤ ਬਣਾ ਦਿੱਤਾ। ਇਸ ਤਾਕਤ ਦੇ ਬਣਨ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸੰਚਾਰਿਤ ਕੀਤੀ ਗਈ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਸਮਤਾ ਅਤੇ ਊਰਜਾਮਈ ਮਨੁੱਖਤਾ ਦੀ ਭੂਮਿਕਾ ਸਭ ਤੋਂ ਵੱਧ ਸੀ/ਹੈ; ਇਸ ਦੇ ਨਾਲ ਨਾਲ ਬਾਬਾ ਨਾਨਕ ਨੇ ਪੰਜਾਬੀਆਂ ਨੂੰ ਸੰਕੀਰਣਤਾ ’ਚੋਂ ਕੱਢਿਆ ਅਤੇ ਉਨ੍ਹਾਂ ਦੇ ਆਰੰਭੇ ਯਤਨਾਂ ਕਾਰਨ ਜੋ ਸੰਦੇਸ਼ ਸਿੱਖ ਧਰਮ ਦੁਆਰਾ ਪੰਜਾਬੀ ਸਮਾਜ ਵਿੱਚ ਸੰਚਾਰਿਤ ਹੋਇਆ, ਉਸ ਦੀ ਆਵਾਜ਼ ਇੱਕ-ਪਰਤੀ ਨਹੀਂ ਸਗੋਂ ਬਹੁ-ਪਰਤੀ ਸੀ; ਇਸ ਆਵਾਜ਼ ਵਿੱਚ ਸ਼ੇਖ ਫ਼ਰੀਦ, ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਧੰਨਾ ਅਤੇ ਹੋਰ ਭਗਤਾਂ ਦੀਆਂ ਆਵਾਜ਼ਾਂ ਸ਼ਾਮਿਲ ਸਨ ਜਿਸ ਕਾਰਨ ਸਮਾਜ ਨੇ ਬਹੁ-ਆਵਾਜ਼ੀ ਸੰਦੇਸ਼ ਸੁਣਨ ਅਤੇ ਉਸ ਵਿਚਲੀਆਂ ਧੁਨੀਆਂ ਦੀ ਗੂੰਜ ਨੂੰ ਗ੍ਰਹਿਣ ਕਰਨ ਦਾ ਸਲੀਕਾ ਸਿੱਖਿਆ। ਇਸ ਦਾ ਸੰਗਠਿਤ ਆਗਾਜ਼ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਆਦਿ ਗ੍ਰੰਥ ਨਾਲ ਹੋਇਆ ਅਤੇ ਇਸ ਰੁਝਾਨ ਨਾਲ ਊਰਜਿਤ ਪ੍ਰਕਿਰਿਆ ਕਾਰਨ ਪੰਜਾਬੀ ਲੋਕ-ਮਨ ਦਾ ਸੁਭਾਅ ਇਸ ਤਰ੍ਹਾਂ ਦਾ ਬਣਿਆ ਕਿ ਪੰਜਾਬੀ ਸਮਾਜ ਵੱਖ ਵੱਖ ਤਰ੍ਹਾਂ ਦੀਆਂ ਸੋਚਾਂ ਨੂੰ ਗ੍ਰਹਿਣ ਕਰਨ ਵਾਲਾ ਸਮਾਜ ਬਣਿਆ ਜੋ ਵੱਖ ਵੱਖ ਤਰ੍ਹਾਂ ਦੇ ਵਖਰੇਵਿਆਂ, ਵੰਡੀਆਂ ਆਦਿ ਨੂੰ ਸਿੱਝਣ ਦੇ ਨਾਲ ਨਾਲ ਸਾਂਝੀਵਾਲਤਾ ਤੇ ਸਮਾਜਿਕ ਏਕਤਾ ਦਾ ਆਧਾਰ ਕਾਇਮ ਰੱਖ ਸਕਦਾ ਸੀ। ਵਕਤੀ ਉਬਾਲਾਂ ਤੇ ਕੜਵੱਲਾਂ ਕਾਰਨ ਅਜਿਹੇ ਰੁਝਾਨ ਵਿੱਚ ਤਰੇੜਾਂ ਵੀ ਪੈਂਦੀਆਂ ਰਹੀਆਂ ਪਰ ਪੰਜਾਬੀ ਲੋਕ-ਮਨ ਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦੀ ਜ਼ਮੀਨ ਵੱਲ ਪਰਤਦਾ ਰਿਹਾ। ਸਿੱਖ ਗੁਰੂਆਂ ਅਤੇ ਯੋਧਿਆਂ ਦੀਆਂ ਕੁਰਬਾਨੀਆਂ ਨੇ ਇਸ ਜ਼ਮੀਨ ਨੂੰ ਲਹੂ ਨਾਲ ਸਿੰਜਿਆ।
18ਵੀਂ ਸਦੀ ’ਚ ਇਹ ਊਰਜਾ ਸਿੱਖ ਮਿਸਲਾਂ ਦੇ ਰੂਪ ਵਿੱਚ ਪ੍ਰਗਟ ਹੋਈ। ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਜਾਗੀਰਦਾਰੀ ਢਾਂਚੇ ਨੂੰ ਵੱਡੀ ਢਾਹ ਲਗਾਉਣ ਤੋਂ ਬਾਅਦ ਸਮਾਜ ਦੀ ਉਹ ਮੋਹਰੀ/ਮੁਹਰੈਲ ਤੇ ਅਗਾਂਹਵਧੂ ਤਾਕਤ ਬਣ ਗਿਆ ਜਿਸ ਨੂੰ ਪੰਜਾਬ ਦੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਸਵੀਕਾਰ ਕੀਤਾ। ਸਿੱਖ ਮਿਸਲਾਂ ਵਿੱਚ ਜਿੱਥੇ ਕਾਰੀਗਰ, ਵਪਾਰੀ ਤੇ ਦਲਿਤ ਜਾਤਾਂ ਜਮਾਤਾਂ ਇਤਿਹਾਸਕ ਤਾਕਤ ਬਣੀਆਂ ਉੱਥੇ ਇਨ੍ਹਾਂ ਵਿੱਚ ਪ੍ਰਮੁੱਖ ਭੂਮਿਕਾ ਕਿਸਾਨੀ ਨੇ ਨਿਭਾਈ ਜਿਸ ਕਾਰਨ ਉਸ ਜਾਤ ਤੇ ਜਮਾਤ ਦੇ ਨੁਮਾਇੰਦਿਆਂ ਨੂੰ ਸੱਤਾ ਵੀ ਮਿਲੀ ਅਤੇ ਸਮਾਜਿਕ ਮਾਣ-ਸਨਮਾਨ ਵੀ। ਉਸ ਮਾਣ-ਸਨਮਾਨ ਨੇ ਜਾਤੀ ਅਭਿਮਾਨ ਵੀ ਉਭਾਰਿਆ ਪਰ ਸਿੱਖ ਗੁਰੂ ਸਾਹਿਬਾਨ, ਭਗਤਾਂ, ਸੂਫ਼ੀਆਂ ਤੇ ਜੋਗੀਆਂ ਦੇ ਸੰਦੇਸ਼ ਤੋਂ ਪੈਦਾ ਹੋਈ ਜੀਵਨ-ਜਾਚ ਅਜਿਹੀ ਸੀ/ਹੈ ਕਿ ਵਕਤੀ ਵਿਗਾੜਾਂ ਦੇ ਬਾਵਜੂਦ ਅਗਵਾਈ ਕਰ ਰਹੀ ਜਮਾਤ ਨੂੰ ਸਮਾਜ ਦੇ ਹਿਰਦੇ ਵਿੱਚ ਜੜ੍ਹਾਂ ਲੈ ਚੁੱਕੀਆਂ ਸਾਂਝੀਵਾਲਤਾ ਤੇ ਸਮਾਜਿਕ ਬਰਾਬਰੀ ਦੀਆਂ ਭਾਵਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਇਨ੍ਹਾਂ ਭਾਵਨਾਵਾਂ ਨੂੰ ਅਗਵਾਈ ਦੇ ਟੀਚਿਆਂ ਵਿੱਚ ਸ਼ਾਮਿਲ ਕਰਨਾ ਪੈਂਦਾ ਰਿਹਾ। ਇਹੀ ਕਾਰਨ ਸੀ ਕਿ ਸਾਰਾ ਸਮਾਜ ਇਸ ਅਗਵਾਈ ਦੀ ਹਮਾਇਤ ਕਰਦਾ ਹੋਇਆ ਇਸ ਨੂੰ ਸਵੀਕਾਰ ਕਰਦਾ ਸੀ।
ਸੰਖੇਪਤਾ ਲਈ ਅਸੀਂ ਇਸ ਦੀਆਂ ਦੋ ਉਦਾਹਰਨਾਂ ਲੈ ਸਕਦੇ ਹਾਂ: 1914-15 ਦੀ ਗ਼ਦਰ ਪਾਰਟੀ ਲਹਿਰ ਅਤੇ 2020-21 ਦਾ ਕਿਸਾਨ ਸੰਘਰਸ਼। ਗ਼ਦਰ ਲਹਿਰ ਨੇ ਇਹ ਸਾਬਤ ਕੀਤਾ ਕਿ ਵੱਖ ਵੱਖ ਧਰਮਾਂ ਤੇ ਜਾਤਾਂ ਦੇ ਲੋਕ ਇਕੱਠੇ ਹੋ ਕੇ ਅਤਿਅੰਤ ਸ਼ਕਤੀਸ਼ਾਲੀ ਬਸਤੀਵਾਦੀ ਤਾਕਤ ਨਾਲ ਲੋਹਾ ਲੈਣ ਦਾ ਹੀਆ ਕਰ ਸਕਦੇ ਸਨ। ਇਸ ਲਹਿਰ ਦੇ ਆਗੂ ਵੱਖ ਵੱਖ ਧਰਮਾਂ ਦੇ ਵਿਅਕਤੀ ਸਨ ਪਰ ਲਹਿਰ ਦੀ ਰੀੜ੍ਹ ਦੀ ਹੱਡੀ ਪੰਜਾਬੀ ਕਿਸਾਨੀ ਸੀ। ਇਸ ਦਾ ਕਾਰਨ ਸ਼ਾਇਦ ਇਹ ਵੀ ਹੈ ਕਿ ਜ਼ਮੀਨ ਦੀ ਮਾਲਕੀ ਅਤੇ ਇਤਿਹਾਸਕ ਤਜਰਬੇ ਕਾਰਨ ਪੰਜਾਬੀ ਕਿਸਾਨੀ ਨੂੰ ਕੁਰਬਾਨੀਆਂ ਦੇਣ ਅਤੇ ਅਗਵਾਈ ਕਰਨ ਲਈ ਲੋੜੀਂਦੇ ਸਮਾਜਿਕ ਤੇ ਆਰਥਿਕ ਸਰੋਤ ਪ੍ਰਾਪਤ ਸਨ। ਇਸ ਲਹਿਰ ਨੇ ਪੰਜਾਬ ਵਿੱਚ ਨਾ ਸਿਰਫ਼ ਪੰਜਾਬੀਆਂ ਦੀ ਨਾਬਰੀ ਦੀ ਰਵਾਇਤ ਨੂੰ ਪੁਨਰ-ਸੁਰਜੀਤ ਕੀਤਾ ਸਗੋਂ ਇਸ ਦੇ ਨਾਲ ਨਾਲ ਆਜ਼ਾਦੀ ਸੰਘਰਸ਼ ਵਿੱਚ ਹੋਏ ਬਾਅਦ ਦੇ ਸੰਘਰਸ਼ਾਂ, ਜਿਨ੍ਹਾਂ ਵਿੱਚ ਜਲ੍ਹਿਆਂਵਾਲਾ ਬਾਗ਼ ਦੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਪਾਰਟੀ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਲਹਿਰ ਅਤੇ ਹੋਰ ਲੋਕ ਲਹਿਰਾਂ ਸ਼ਾਮਲ ਸਨ, ਲਈ ਪ੍ਰੇਰਨਾ ਬਣੀ। ਪੰਜਾਬੀ ਸ਼ਾਇਰ ਤਾਰਾ ਸਿੰਘ ਦੇ ਇਹ ਸ਼ਬਦ ਅਜਿਹੇ ਸੰਘਰਸ਼ਾਂ ਦੀ ਤਰਜਮਾਨੀ ਕਰਦੇ ਹਨ, ‘‘ਗੋਲੀਆਂ, ਲਾਠੀਆਂ, ਬੇੜੀਆਂ, ਤੁਹਮਤਾਂ/ ਰੱਤ ਸੁੱਚੀ ਇਨ੍ਹਾਂ ਨਾਲ ਝੁਕਦੀ ਨਹੀਂ/ ਮੁੱਕ ਜਾਂਦੇ ਝੱਖੜ ਜਬਰ ਜ਼ੁਲਮ ਦੇ/ ਪਰ, ਸਿਦਕ ਦੀ ਕਹਾਣੀ ਮੁੱਕਦੀ ਨਹੀਂ।’’
ਇਹੀ ਵਰਤਾਰਾ 2020-21 ਵਿੱਚ ਵੱਡੇ ਪੱਧਰ ’ਤੇ ਵਾਪਰਿਆ ਜਦੋਂ ਕੇਂਦਰ ਸਰਕਾਰ ਨੇ ਖੇਤੀ ਖੇਤਰ ਸਬੰਧੀ ਆਰਡੀਨੈਂਸ ਲਾਗੂ ਕਰ ਕੇ ਅਤੇ ਫਿਰ ਕਾਨੂੰਨ ਬਣਾ ਕੇ ਖੇਤੀ ਖੇਤਰ ਵਿੱਚ ਕਾਰਪੋਰੇਟ ਅਦਾਰਿਆਂ ਦੇ ਦਾਖ਼ਲੇ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਵਿਰੋਧ ਕਰਨ ਲਈ ਪੰਜਾਬੀ ਕਿਸਾਨੀ ਵਿਆਪਕ ਸਾਂਝੀਵਾਲਤਾ ਦੇ ਸੂਤਰ ਵਿੱਚ ਪਰੋਈ ਗਈ ਅਤੇ ਅਜਿਹੀ ਏਕਾਮਈ ਤਾਕਤ ਬਣ ਕੇ ਉੱਭਰੀ ਜਿਸ ਨੂੰ ਸਮਾਜ ਦੇ ਦੂਸਰੇ ਵਰਗਾਂ ਦੀ ਹਮਾਇਤ ਹਾਸਿਲ ਹੋਈ। ਇਸ ਉਭਾਰ ਨੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਕਿਸਾਨਾਂ ਤੇ ਹੋਰ ਵਰਗਾਂ ਦੇ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਉਹ ਇਸ ਉਭਾਰ ਵਿੱਚ ਸ਼ਾਮਿਲ ਹੋਏ ਜਿਸ ਕਾਰਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਪਏ। ਕਿਸਾਨ ਅੰਦੋਲਨ ਨੇ ਜਥੇਬੰਦੀਆਂ ਅਤੇ ਆਗੂਆਂ ਦੀ ਏਕਤਾ, ਸਾਂਝੀਵਾਲਤਾ ਅਤੇ ਲੋਕਾਂ ਦੇ ਆਪਸੀ ਮਿਲਵਰਤਣ ਦੇ ਨਵੇਂ ਮਿਆਰ ਕਾਇਮ ਕੀਤੇ। ਕਈ ਦਹਾਕਿਆਂ ਤੋਂ ਪੰਜਾਬੀਆਂ ਤੇ ਹਰਿਆਣਵੀਆਂ ਦੇ ਮਨਾਂ ਵਿੱਚ ਇੱਕ ਦੂਸਰੇ ਵਿਰੁੱਧ ਘੋਲੀ ਜਾ ਰਹੀ ਕੁੜੱਤਣ ਵੀ ਦੂਰ ਹੋਈ। ਪੰਜਾਬੀਆਂ ਦੇ ਸੰਘਰਸ਼ਮਈ ਸਿਦਕ ਦੀ ਰੌਸ਼ਨੀ ਪੂਰੀ ਦੁਨੀਆ ਵਿੱਚ ਦਿਖਾਈ ਦਿੱਤੀ।
ਇਸ ਅੰਦੋਲਨ ਨੇ ਸ਼ਕਤੀਸ਼ਾਲੀ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ। ਅਸੀਮ ਤਾਕਤ ਦੇ ਗਰੂਰ ਵਿੱਚ ਗੜੁੱਚ ਕੋਈ ਵੀ ਸਿਆਸੀ ਜਮਾਤ ਇਸ ਤਰ੍ਹਾਂ ਝੁਕਣ ਤੋਂ ਪੈਦਾ ਹੋਈ ਕੁੜੱਤਣ ਅਤੇ ਹਾਰ ਦੇ ਅਹਿਸਾਸ ਨੂੰ ਭੁੱਲਦੀ ਨਹੀਂ; ਸ੍ਵੈ-ਕੇਂਦਰਿਤ ਅਭਿਮਾਨ ਵਿੱਚ ਗੜੁੱਚ ਤਾਕਤ ਵਿੱਚ ਇਹ ਉਦਾਰਤਾ ਅਤੇ ਖੁੱਲ੍ਹਾਪਣ ਨਹੀਂ ਹੁੰਦਾ ਕਿ ਉਹ ਲੋਕ-ਸ਼ਕਤੀ ਦੀਆਂ ਮੰਗਾਂ ਨੂੰ ਨਿਮਰਤਾ ਨਾਲ ਪ੍ਰਵਾਨ ਕਰੇ। ਇਹੀ ਕਾਰਨ ਹੈ ਕਿ ਇਹ ਤਾਕਤ ਹੁਣ ਪੰਜਾਬ ਦੀ ਕਿਸਾਨ ਏਕਤਾ ਨੂੰ ਭੰਗ ਕਰਨ ’ਤੇ ਤੁਲੀ ਹੋਈ ਹੈ; ਇਹ ਤਾਕਤ ਪੰਜਾਬ ਦੀ ਕਿਸਾਨ ਸ਼ਕਤੀ ਨੂੰ ਟੋਟੇ ਟੋਟੇ ਹੋਇਆਂ ਦੇਖਣਾ ਚਾਹੁੰਦੀ ਹੈ। ਸਾਰੇ ਜਾਣਦੇ ਹਨ ਕਿ ਇਹ ਤਾਕਤ ਕੱਟੜਤਾ ਤੇ ਹੰਕਾਰ ਨੂੰ ਪ੍ਰਣਾਈ ਹੋਈ ਹੈ ਅਤੇ ਇਸ ਨੂੰ ਕਾਰਪੋਰੇਟ ਅਦਾਰਿਆਂ ਦੀ ਸੰਪੂਰਨ ਹਮਾਇਤ ਹਾਸਿਲ ਹੈ; ਇਸ ਨੇ ਦੇਸ਼ ਦੇ ਸੰਵਿਧਾਨਕ ਅਦਾਰਿਆਂ ਨੂੰ ਖ਼ੋਰਾ ਲਗਾਇਆ ਅਤੇ ਦੇਸ਼ ਦੇ ਵਿਰਸੇ ਅਤੇ ਸੰਵਿਧਾਨ ਦੁਆਰਾ ਸਿਰਜਤ ਜਮਹੂਰੀ ਰਵਾਇਤਾਂ ਨੂੰ ਕਮਜ਼ੋਰ ਕੀਤਾ ਹੈ। ਇਸ ਤਾਕਤ ਦੇ ਮਨ ਵਿੱਚ ਇਹ ਰੜਕ ਹੈ ਕਿ ਕਿਵੇਂ ਨਾ ਕਿਵੇਂ ਪੰਜਾਬੀ ਕਿਸਾਨਾਂ ਦੀ ਏਕਤਾ ਨੂੰ ਭੰਗ ਕੀਤਾ ਜਾਵੇ। ਇਸ ਸਮੇਂ ਪੰਜਾਬੀ ਕਿਸਾਨੀ ਇੱਕ ਅਜਿਹੀ ਪ੍ਰਮੁੱਖ ਸ਼ਕਤੀ ਹੈ ਜੋ ਇਸ ਤਾਕਤ ਦੇ ਗ਼ੈਰ-ਜਮਹੂਰੀ ਰੁਝਾਨਾਂ ਵਿਰੁੱਧ ਸੰਗਠਿਤ ਸ਼ਕਤੀ ਬਣਨ ਅਤੇ ਉੱਤਰੀ ਭਾਰਤ ਵਿੱਚ ਸਮਾਜ ਨੂੰ ਅਗਵਾਈ ਦੇਣ ਵਾਲੀ ਜਮਾਤ ਬਣ ਸਕਦੀ ਹੈ।
ਸੱਤਾਧਾਰੀ ਧਿਰਾਂ ਚਾਹੁੰਦੀਆਂ ਹਨ ਕਿ ਪੰਜਾਬੀ ਕਿਸਾਨੀ ਦੀ ਸੰਗਠਿਤ ਸ਼ਕਤੀ ਚੂਰ ਚੂਰ ਹੋ ਜਾਵੇ, ਆਗੂਆਂ ਵਿੱਚ ਵਿਚਾਰਧਾਰਕ ਤੇ ਨਿੱਜੀ ਵਖਰੇਵੇਂ ਉੱਠਣ, ਅਗਵਾਈ ਆਪਣੇ ਹੱਥਾਂ ਵਿੱਚ ਲੈਣ ਲਈ ਲੜਾਈ ਹੋਵੇ ਅਤੇ ਉਸ ਦਾ ਫ਼ਾਇਦਾ ਸੱਤਾਧਾਰੀ ਧਿਰਾਂ ਤੇ ਕਾਰਪੋਰੇਟ ਅਦਾਰਿਆਂ ਨੂੰ ਮਿਲੇ। ਅਜਿਹੇ ਮਾਹੌਲ ਵਿੱਚ ਪੰਜਾਬ ਦੇ ਕਿਸਾਨਾਂ ਸਾਹਮਣੇ ਪ੍ਰਮੁੱਖ ਚੁਣੌਤੀ ਆਪਣੀ ਏਕਤਾ ਨੂੰ ਕਾਇਮ ਰੱਖਣ ਤੇ ਇਸ ਦੀ ਰਖਵਾਲੀ ਕਰਨ ਅਤੇ ਇਸ ਏਕਤਾ ਨੂੰ ਤੋੜਨ ਵਾਲਿਆਂ ਦੇ ਯਤਨਾਂ ਨੂੰ ਹਰਾਉਣ ਦੀ ਹੈ; ਭਾਵੇਂ ਕਹਿਣ-ਸੁਣਨ ਨੂੰ ਇਹ ਕੰਮ ਸਰਲ ਤੇ ਆਸਾਨ ਦਿਸਦਾ ਹੈ ਪਰ ਇਹ ਕੰਮ ਅਤਿਅੰਤ ਜਟਿਲ ਅਤੇ ਮੁਸ਼ਕਿਲਾਂ ਵਾਲਾ ਹੈ ਜਿਵੇਂ ਮੁਨੀਰ ਨਿਆਜ਼ੀ ਨੇ ਕਿਹਾ ਹੈ ‘‘ਕੰਮ ਉਹੋ ਮੁਨੀਰ ਸੀ ਮੁਸ਼ਕਿਲਾਂ ਦਾ/ ਜਿਹੜਾ ਸ਼ੁਰੂ ’ਚ ਬਹੁਤ ਆਸਾਨ ਦਿਸਿਆ।’’ ਪਰ ਪੰਜਾਬੀ ਕਿਸਾਨੀ ਨੂੰ ਇਹ ਚੁਣੌਤੀ ਸਵੀਕਾਰ ਕਰਦਿਆਂ ਇਹ ਕੰਮ ਕਰਨਾ ਪੈਣਾ ਹੈ। ਦੇਸ਼ ਵਿੱਚ ਜਮਹੂਰੀਅਤ ਨੂੰ ਬਚਾਉਣ ਅਤੇ ਕਾਇਮ ਰੱਖਣ ਲਈ ਕਾਰਜਸ਼ੀਲ ਵੱਖ ਵੱਖ ਧੁਰੀਆਂ ਵਿੱਚੋਂ ਸਭ ਤੋਂ ਮਜ਼ਬੂਤ ਧੁਰੀ ਪੰਜਾਬੀ ਕਿਸਾਨੀ ਤੇ ਪੰਜਾਬ ਦੇ ਲੋਕਾਂ ਦੀ ਸਮੂਹਿਕ ਸ਼ਕਤੀ ਹੈ ਅਤੇ ਪੰਜਾਬੀਆਂ ਨੂੰ ਇਸ ਇਤਿਹਾਸਕ ਕਾਰਜ ਦੇ ਹਾਣ ਦੇ ਹੋਣ ਲਈ ਏਕਤਾ ਸਥਾਪਿਤ ਕਰਨੀ ਪੈਣੀ ਹੈ।
ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਆਗੂਆਂ ਦੇ ਸਾਹਮਣੇ ਚੁਣੌਤੀ ਬਹੁਤ ਵੱਡੀ ਹੈ; ਉਨ੍ਹਾਂ ਦਾ ਸੰਘਰਸ਼ ਕਿਸਾਨਾਂ ਦੇ ਹਿੱਤਾਂ ਲਈ ਅੰਦੋਲਨ ਤੱਕ ਸੀਮਤ ਨਹੀਂ; ਉਹ ਇਸ ਦੇਸ਼ ਵਿੱਚ ਜਮਹੂਰੀਅਤ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਖਵਾਲੀ ਕਰਨ ਵਾਲੇ ਸੰਗਰਾਮ ਦਾ ਅਹਿਮ ਹਿੱਸਾ ਹਨ; ਉਹ ਇਸ ਜਮਹੂਰੀ ਸੰਗਰਾਮ ਦੇ ਸੂਤਰਧਾਰ ਹਨ। ਉਨ੍ਹਾਂ ਨੂੰ ਬਾਬਾ ਨਾਨਕ ਜੀ ਦਾ ਇਹ ਕਥਨ ਯਾਦ ਰੱਖਣਾ ਚਾਹੀਦਾ ਹੈ, ‘‘ਏਕੇ ਕਉ ਨਾਹੀ ਭਉ ਕੋਇ।।’’ ਇਸ ਇਤਿਹਾਸਕ ਕਾਰਜ ਲਈ ਪੰਜਾਬ ਦੇ ਕਿਸਾਨਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਵਰਗਾਂ ਦੇ ਲੋਕਾਂ ਦੀ ਏਕਤਾ ਸਭ ਤੋਂ ਜ਼ਰੂਰੀ ਹੈ।
ਤੂੰ ਰਾਹਨੁਮਾ ਹੋ ਗਿਆ
2020-2021 ਦੇ ਕਿਸਾਨ ਸੰਘਰਸ਼ ਨੂੰ ਯਾਦ ਕਰਦਿਆਂ ਤਾਰਾ ਸਿੰਘ ਦੀ ਕਵਿਤਾ ‘ਅਧਿਕਾਰ’ ਯਾਦ ਆਉਂਦੀ ਹੈ ਜਿਸ ਵਿੱਚ ਉਸ ਨੇ ਲੋਕ-ਸੰਘਰਸ਼ ਦੇ ਨਕਸ਼ਾਂ ਨੂੰ ਆਪਣੀ ਕਵਿਤਾ ਵਿੱਚ ਇਉਂ ਗੁੰਨ੍ਹਿਆ ਹੈ:
* ਤੂੰ ਸਮੇਂ ਨਾਲ ਤੁਰਿਆ, ਤਾਂ ਸਾਰਾ ਸਮਾਂ
ਤੇਰੇ ਪਿੱਛੇ ਸੀ, ਤੂੰ ਰਾਹਨੁਮਾ ਹੋ ਗਿਆ
* ਚਿਣਗ ਸੁਲਗੀ ਨਿਡਰਤਾ ਦੀ ਮੱਥੇ ਜਦੋਂ
ਬੰਦਾ ਵਿੰਹਦੇ ਹੀ ਵਿੰਹਦੇ ਖ਼ੁਦਾ ਹੋ ਗਿਆ।
ਲੋਕ-ਸੰਘਰਸ਼ ਲੋਕ ਜੀਵਨ ਵਿੱਚ ਕੀ ਕਰ ਸਕਦੇ ਹਨ? ਇਸ ਬਾਰੇ ਤਾਰਾ ਸਿੰਘ ਲਿਖਦਾ ਹੈ:
ਫੇਰ ਅੰਬਰ ਤੇ ਕੜਕਣਗੀਆਂ ਬਿਜਲੀਆਂ
ਫੇਰ ਪਾਣੀ ਸਰਾਂ ਦੇ ਵੀ ਹਿੱਲ ਜਾਣਗੇ।
ਫੇਰ ਧਰਤੀ ’ਤੇ ਫੁੱਟਣਗੇ ਲਾਵੇ ਕਈ
ਸੀਨੇ ਉੱਚੇ ਪਰਬਤਾਂ ਦੇ ਦਹਿਲ ਜਾਣਗੇ।
ਸਰਾਂ ਦੇ ਪਾਣੀ ਹਿੱਲਣਗੇ, ਬਿਜਲੀਆਂ ਕੜਕਣਗੀਆਂ, ਲਾਵੇ ਫੁੱਟਣਗੇ, ਸੱਤਾ ਦੇ ਪਰਬਤਾਂ ਦੇ ਸੀਨੇ ਦਹਿਲ ਜਾਣਗੇ, ਲੋਕ-ਸ਼ਕਤੀ ਮੂੰਹਜ਼ੋਰ ਜਲਧਾਰ ਬਣ ਕੇ ਵਹੇਗੀ, ਹੱਕ-ਸੱਚ ਤੇ ਲੋਕਾਈ ਦੀ ਜਿੱਤ ਹੋਵੇਗੀ ਪਰ ਉਸ ਸਭ ਦੀ ਬੁਨਿਆਦੀ ਸ਼ਰਤ ਹੈ ਲੋਕਾਂ ਦਾ ਏਕਾ।