ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 17 ਮਾਰਚ
ਰਿਆਤ ਕਾਲਜ ਆਫ਼ ਲਾਅ ਰੈਲ ਮਾਜਰਾ ਵੱਲੋਂ ਦੋ ਦਿਨਾਂ ਨੈਸ਼ਨਲ ਲਾਅ ਫੈਸਟ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੀ.ਟੀ. ਰਵੀ ਕੁਮਾਰ ਅਤੇ ਸਾਇਰਾ ਰਵੀ ਕੁਮਾਰ ਸ਼ਾਮਲ ਹੋਏ। ਸਮਾਗਮ ਵਿੱਚ ਦਾਮਾ ਸੇਸ਼ਾਦਰੀ ਨਾਇਡੂ ਸੀਨੀਅਰ ਐਡਵੋਕੇਟ, ਐਡਵੋਕੇਟ ਸੁਨੀਲ ਕੁਮਾਰ ਸ਼ਰਮਾ ਅਤੇ ਐਡਵੋਕੇਟ ਹਿਤੇਸ਼ ਨੇ ਸ਼ਿਰਕਤ ਕੀਤੀ। ਇਸ ਲਾਅ ਫੈਸਟ ਵਿੱਚ ਕਾਨੂੰਨੀ ਦਿੱਗਜਾਂ ਅਤੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 200 ਤੋਂ ਵੱਧ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਉਦਘਾਟਨੀ ਸਮਾਰੋਹ ਵਿੱਚ ਡਾ: ਮੋਨਿਕਾ ਸ਼ਰਮਾ, ਪ੍ਰਿੰਸੀਪਲ ਰਿਆਤ ਕਾਲਜ ਨੇ ਮਹਿਮਾਨਾਂ ਅਤੇ ਭਾਗੀਦਾਰਾਂ ਨੂੰ ਜੀ ਆਇਆਂ ਕਿਹਾ। ਸੀਨੀਅਰ ਐਡਵੋਕੇਟ ਦਾਮਾ ਸੇਸ਼ਾਦਰੀ ਨਾਇਡੂ ਨੇ ਇੰਟਰਐਕਟਿਵ ਸੈਸ਼ਨ ਦੌਰਾਨ ਸਿੱਖਣ ਦੇ ਨਵੇਂ ਖੇਤਰਾਂ ਬਾਰੇ ਜਾਣੂ ਕਰਵਾਇਆ। ਜਸਟਿਸ ਸੀ.ਟੀ. ਰਵੀ ਕੁਮਾਰ ਨੇ ਉਭਰਦੇ ਵਕੀਲਾਂ ਨੂੰ ਨਸੀਹਤ ਦਿੱਤੀ ਕਿ ਉਹ ਪੱਛੜੇ ਅਤੇ ਗਰੀਬ ਵਰਗ ਦੀ ਮਦਦ ਕਰ ਕੇ ਸਮਾਜ ਦਾ ਭਲਾ ਕਰਨ। ਇਸ ਮੌਕੇ ’ਵਰਸਿਟੀ ਦੇ ਕੁਲਪਤੀ ਡਾ. ਸੰਦੀਪ ਸਿੰਘ ਕੌੜਾ ਤੇ ਕਾਰਜਕਾਰੀ ਉਪ ਕੁਲਪਤੀ ਡਾ. ਪਰਮਿੰਦਰ ਕੌਰ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ।