ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਮਾਰਚ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਹਜ਼ਾਰਾਂ ਕਿਸਾਨ 34ਵੇਂ ਦਿਨ ਵੀ ਸ਼ੰਭੂ ਬਾਰਡਰ ’ਤੇ ਡਟੇ ਰਹੇ। ਲੋਕ ਸਭਾ ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲੱਗਣ ਮਗਰੋਂ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨਾਂ ਨੇ ਦੇਸ਼ ਦੀ ਹਕੂਮਤ ਵਿਰੁੱਧ ਆਪਣਾ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਮੁੜ ਸੱਤਾ ’ਚ ਆਉਣ ਦੀਆਂ ਨਰਿੰਦਰ ਮੋਦੀ ਦੀਆਂ ਆਸਾਂ ਨੂੰ ਦੇਸ਼ ਦੇ ਲੋਕ ਇਸ ਪੁਤਲੇ ਦੀ ਤਰ੍ਹਾਂ ਹੀ ਰਾਖ ਕਰ ਦੇਣਗੇ। ਜਾਣਕਾਰੀ ਅਨੁਸਾਰ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰ ’ਤੇ ਕਿਸਾਨ ਸੰਘਰਸ਼ ਨੂੰ ਮਘਾ ਕੇ ਰੱਖਣ ਦੇ ਐਲਾਨ ਤਹਿਤ ਹੁਣ 23 ਮਾਰਚ ਨੂੰ ਇਨ੍ਹਾਂ ਬਾਰਡਰਾਂ ’ਤੇ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣਗੇ। ਇਹ ਐਲਾਨ ਸ਼ੰਭੂ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਅੱਠ ਮਾਰਚ ਨੂੰ ਬਾਰਡਰਾਂ ’ਤੇ ਮਹਿਲਾ ਦਿਵਸ ਵੱਡੇ ਪੱਧਰ ’ਤੇ ਮਨਾਇਆ ਗਿਆ ਸੀ, ਉਸੇ ਤਰ੍ਹਾਂ ਹੁਣ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦਿਨ ਸ਼ਹੀਦ ਦੇ ਜੀਵਨ ਪ੍ਰਤੀ ਭਾਸ਼ਣ ਦੇ ਕੇ ਕਿਸਾਨਾਂ ਅਤੇ ਨੌਜਵਾਨਾਂ ’ਚ ਹੋਰ ਵਧੇਰੇ ਜੋਸ਼ ਭਰਿਆ ਜਾਵੇਗਾ ਤਾਂ ਜੋ ਉਹ ਲੋਕ ਦੁਸ਼ਮਣ ਹੋ ਨਿੱਬੜੀ ਹਕੂਮਤ ਨੂੰ ਢਾਹ ਲੈਣ ਤੱਕ ਉਸ ਖਿਲਾਫ਼ ਲੜਦੇ ਰਹਿਣ। ਪੰਧੇਰ ਨੇ ਕਿਹਾ ਕਿ ਅਗਲੇ ਦਿਨਾਂ ’ਚ ਇਸ ਮੋਰਚੇ ਵਿੱਚ ਨਾ ਸਿਰਫ਼ ਬੀਬੀਆਂ ਦੀ ਸ਼ਮੂਲੀਅਤ ਵਧਾਈ ਜਾਵੇਗੀ, ਬਲਕਿ ਕਣਕ ਦੀ ਵਾਢੀ ਮੌਕੇ ਤਾਂ ਇਸ ਮੋਰਚੇ ਦੀ ਵਾਗਡੋਰ ਬੀਬੀਆਂ ਵੱਲੋਂ ਹੀ ਸੰਭਾਲੀ ਜਾਵੇਗੀ।
ਦੇਸ਼ ਵਿੱਚ ਹਰੇਕ ਸਿਆਸੀ ਪਾਰਟੀ ਦੇ ਏਜੰਡੇ ’ਤੇ ਕਿਸਾਨੀ ਸੰਘਰਸ਼: ਡੱਲੇਵਾਲ
ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ):ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਡਟੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਪੂਰੇ ਦੇਸ਼ ਅੰਦਰ ਹਰ ਸਿਆਸੀ ਪਾਰਟੀ ਦੇ ਏਜੰਡੇ ’ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਦਿਮਾਗ ’ਚੋਂ ਕੱਢ ਦੇਣਾ ਚਾਹੀਦਾ ਹੈ ਕਿ ਬਾਰਡਰਾਂ ’ਤੇ ਬੈਠੇ ਕਿਸਾਨ ਘਰਾਂ ਨੂੰ ਪਰਤ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਵੀ ਲੜਾਈ ਲੜੀ ਹੈ ਅਤੇ ਅੱਗੇ ਵੀ ਆਪਣੇ ਹੱਕਾਂ ਲਈ ਲੜਾਈ ਜਾਰੀ ਰਹੇਗੀ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਦੇਸ਼ ਵਿਚ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਬਣਦੀ ਹੈ, ਉਸ ਨੂੰ ਚਿੰਤਾ ਹੋਵੇਗੀ ਕਿ ਕਿਸਾਨਾਂ ਦਾ ਮਸਲਾ ਹੱਲ ਕਰਨਾ ਹੈ ਪਰ ਕਿਸਾਨਾਂ ਨੂੰ ਕੋਈ ਚਿੰਤਾ ਨਹੀਂ ਹੈ। ਇਸ ਦੌਰਾਨ ਕਿਸਾਨ ਆਗੂ ਨੇ ਆਰਐੱਸਐੱਸ ਦੀ ਹਾਈਪਾਵਰ ਕਮੇਟੀ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਬਾਰਡਰਾਂ ’ਤੇ ਬੈਠੇ ਕਿਸਾਨ ਅਰਾਜਕਤਾ ਫੈਲਾਉਣ ਵਾਲੇ ਹਨ। ਸ੍ਰੀ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਖ਼ਿਲਾਫ਼ ਅਜਿਹੀ ਸੋਚ ਰੱਖਣ ਵਾਲੇ ਚਿਹਰਿਆਂ ਨੂੰ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਗ ਕਰ ਰਹੇ ਹਨ ਕਿ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ ਕਿਉਂਕਿ ਇਹ ਰਿਪੋਰਟ ਕਹਿੰਦੀ ਹੈ ਕਿ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ’ਚ ਵੰਡੀਆਂ ਜਾਣ। ਇਹ ਮੰਗ ਇਕੱਲੇ ਕਿਸਾਨ ਦੀ ਨਹੀਂ ਸਗੋਂ ਮਜ਼ਦੂਰਾਂ ਦੀ ਵੀ ਮੰਗ ਹੈ। ਇਸ ਮੌਕੇ ਜਗਜੀਤ ਸਿੰਘ ਕੋਟ ਬੁੱਢਾ, ਮਲੂਕ ਸਿੰਘ ਸੁੱਖੇਵਾਲ, ਰੁਪਿੰਦਰਜੀਤ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਖਾਲਸਾ, ਪ੍ਰੀਤਮ ਸਿੰਘ, ਮਾਘ ਸਿੰਘ ਬਣਵਾਲੀ, ਹਰਜੀਤ ਸਿੰਘ, ਰਾਜ ਸਿੰਘ ਥੇੜੀ ਆਦਿ ਆਗੂ ਮੌਜੂਦ ਸਨ।