ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਫੇਜ਼-4 ਦੇ ਗਲਿਆਰੇ ਦੇ ਐਲੀਵੇਟਿਡ ਮੈਟਰੋ ਸਟੇਸ਼ਨਾਂ ’ਤੇ ਸੂਰਜੀ ਊਰਜਾ ਦੀ ਵਰਤੋਂ ਲਈ ਸੋਲਰ ਪੈਨਲ ਲਗਾਏ ਜਾਣਗੇ। ਇਸ ਸਬੰਧ ਵਿੱਚ ਡੀਐੱਮਆਰਸੀ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫੇਜ਼ 4 ਦੇ 27 ਸਟੇਸ਼ਨਾਂ ’ਤੇ 13.68 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੈਨਲ ਲਗਾਏ ਜਾਣਗੇ ਜਿਸ ਨਾਲ 3.5 ਮੈਗਾਵਾਟ ਬਿਜਲੀ ਪੈਦਾ ਹੋਵੇਗੀ। ਵਰਤਮਾਨ ਵਿੱਚ 142 ਸਟੇਸ਼ਨਾਂ ’ਤੇ ਲਗਾਏ ਗਏ ਸੋਲਰ ਪੈਨਲਾਂ ਤੋਂ ਦਿੱਲੀ ਮੈਟਰੋ ਪ੍ਰਤੀ ਦਿਨ 50 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ। ਇਹ ਸੋਲਰ ਪੈਨਲ ਵੱਖ-ਵੱਖ ਐਲੀਵੇਟਿਡ ਮੈਟਰੋ ਸਟੇਸ਼ਨਾਂ ਅਤੇ ਮੈਟਰੋ ਡਿਪੂਆਂ ਵਿੱਚ ਲਗਾਏ ਗਏ ਹਨ। ਡੀਐੱਮਆਰਸੀ ਰੀਵਾ ਸੋਲਰ ਪਾਵਰ ਪਲਾਂਟ ਤੋਂ ਲਗਭਗ 120 ਮੈਗਾਵਾਟ ਬਿਜਲੀ ਲੈਂਦਾ ਹੈ। ਇਸ ਤਰ੍ਹਾਂ ਡੀਐਮਆਰਸੀ ਸੂਰਜੀ ਊਰਜਾ ਰਾਹੀਂ ਮੈਟਰੋ ਦੀਆਂ ਬਿਜਲੀ ਦੀਆਂ ਲੋੜਾਂ ਦਾ ਲਗਭਗ 35 ਫੀਸਦ ਪੂਰਾ ਕਰ ਰਿਹਾ ਹੈ। ਮੈਟਰੋ ਦੇ ਸੰਚਾਲਨ ਵਿੱਚ ਵੀ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਮੈਟਰੋ ਚਲਾਉਣ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ। ਸਿਲਵਰ ਲਾਈਨ ’ਤੇ ਤੀਹਰੇ ਇੰਟਰਚੇਂਜ ਦੀ ਸਹੂਲਤ ਮਿਲੇਗੀ, ਐਰੋਸਿਟੀ ਤੋਂ ਤੁਗਲਕਾਬਾਦ ਨਾਲ ਸੰਪਰਕ ਆਸਾਨ ਹੋਵੇਗਾ। ਡੀਐਮਆਰਸੀ ਨੇ ਫੇਜ਼ 4 ਵਿੱਚ ਨਿਰਮਾਣ ਅਧੀਨ ਸਟੇਸ਼ਨਾਂ ’ਤੇ ਸੋਲਰ ਪੈਨਲ ਲਗਾਉਣ ਦੀ ਪਹਿਲ ਵੀ ਕੀਤੀ ਹੈ। ਫੇਜ਼-4 ਵਿੱਚ ਤਿੰਨ ਗਲਿਆਰੇ ਉਸਾਰੀ ਅਧੀਨ ਹਨ ਜਿਸ ਦੀ ਕੁੱਲ ਲੰਬਾਈ 65.20 ਕਿਲੋਮੀਟਰ ਹੋਵੇਗੀ ਅਤੇ 45 ਸਟੇਸ਼ਨ ਹੋਣਗੇ ਜਿਨ੍ਹਾਂ ਵਿੱਚੋਂ 27 ਐਲੀਵੇਟਿਡ ਸਟੇਸ਼ਨ ਹੋਣਗੇ। ਇਨ੍ਹਾਂ ਐਲੀਵੇਟਿਡ ਸਟੇਸ਼ਨਾਂ ’ਤੇ ਸੋਲਰ ਪੈਨਲ ਲਗਾਏ ਜਾਣਗੇ। ਚੌਥੇ ਪੜਾਅ ਦੇ ਇਹ ਗਲਿਆਰੇ ਮਾਰਚ 2026 ਤੱਕ ਤਿਆਰ ਹੋ ਜਾਣਗੇ। ਸਟੇਸ਼ਨਾਂ ’ਤੇ ਸੋਲਰ ਪੈਨਲ ਲਗਾਉਣ ਵਾਲੀ ਏਜੰਸੀ 25 ਸਾਲਾਂ ਤੱਕ ਇਸ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਲਵੇਗੀ।