ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਾਰਚ
ਚੰਡੀਗੜ੍ਹ ਦੇ ਪਿੰਡ ਮਲੋਆ ਵਿੱਚ ਭਾਜਪਾ ਆਗੂਆਂ ਵੱਲੋਂ ਆਪਣੇ ਘਰਾਂ ਦੇ ਬਾਹਰ ‘ਮੋਦੀ ਕਾ ਪਰਿਵਾਰ’ ਨਾਮ ਦੀਆਂ ਪਲੇਟਾਂ ਲਾਈਆਂ ਹਨ, ਜਿਸ ਨੂੰ ਕੁਝ ਵਿਅਕਤੀਆਂ ਵੱਲੋਂ ਉਤਾਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਭਾਜਪਾ ਵੱਲੋਂ ਮਲੋਆ ਵਿੱਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਤੋਂ ‘ਮੋਦੀ ਕਾ ਪਰਿਵਾਰ’ ਦੀਆਂ ਪਲੇਟਾਂ ਉਤਾਰਨ ਦੀ ਵਿਰੋਧ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਭਾਜਪਾਈਆਂ ਨੇ ਥਾਣਾ ਮਲੋਆ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪਲੇਟਾਂ ਉਤਾਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ।
ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਰਾਮਵੀਰ ਭੱਟੀ ਨੇ ਦੋਸ਼ ਲਾਇਆ ਕਿ ‘ਆਪ’ ਤੇ ਕਾਂਗਰਸ ਦੇ ਇਸ਼ਾਰੇ ’ਤੇ ਕੁਝ ਵਿਅਕਤੀਆਂ ਵੱਲੋਂ ਇਹ ਪਲੇਟਾਂ ਉਤਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਨਿੱਜੀ ਜਾਇਦਾਦ ’ਤੇ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਪਾਰਟੀ ਦਾ ਬੈਨਰ, ਝੰਡਾ ਜਾਂ ਸਮੱਗਰੀ ਲਗਾ ਸਕਦਾ ਹੈ, ਪਰ ਨਗਰ ਨਿਗਮ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਆਪਣੇ ਆਗੂ ਦੇ ਬੈਨਰ ਨੂੰ ਉਖਾੜ ਦਿੱਤਾ ਹੈ। ਸ੍ਰੀ ਭੱਟੀ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾਈਆਂ ਨੇ ਮੰਗ ਕੀਤੀ ਕਿ ਅਜਿਹੀ ਕਾਰਵਾਈ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ, ਭਾਜਪਾ ਦੇ ਜਨਰਲ ਸਕੱਤਰ ਹੁਕਮ ਚੰਦ, ਸਕੱਤਰ ਸੰਜੀਵ ਰਾਣਾ, ਡਾ. ਬੀ.ਆਰ. ਅੰਬੇਡਕਰ ਜ਼ਿਲ੍ਹੇ ਦੇ ਪ੍ਰਧਾਨ ਰਵੀ ਰਾਵਤ ਸਣੇ ਹੋਰ ਆਗੂ ਮੌਜੂਦ ਰਹੇ।
ਕੰਜ਼ਿਊਮਰ ਕੋਰਟ ਦੀ ਵੈੱਬਸਾਈਟ ਤੋਂ ਮੋਦੀ ਦੀ ਤਸਵੀਰ ਹਟਾਈ
ਚੰਡੀਗੜ੍ਹ: ਅੱਜ ਚੰਡੀਗੜ੍ਹ ਦੇ ਚੋਣ ਅਧਿਕਾਰੀ ਵੱਲੋਂ ਕੰਜ਼ਿਊਮਰ ਕੋਰਟ ਦੀ ਵੈਬਸਾਈਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾ ਦਿੱਤੀ ਹੈ। ਚੋਣ ਕਮਿਸ਼ਨ ਨੇ ਇਹ ਕਾਰਵਾਈ ਚੰਡੀਗੜ੍ਹ ਦੇ ਵਕੀਲ ਪੰਕਜ ਚੰਦਗੋਠੀਆ ਦੀ ਸ਼ਿਕਾਇਤ ’ਤੇ ਕੀਤੀ ਹੈ। ਜਾਣਕਾਰੀ ਅਨੁਸਾਰ ਪੰਕਜ ਚੰਦਗੋਠੀਆ ਨੇ ਸੀ ਵਿਜੀਲ ਐਪ ’ਤੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਕੰਜ਼ਿਊਮਰ ਕੋਰਟ ਤੇ ਹੋਰਨਾਂ ਸਰਕਾਰੀ ਦੀ ਵੈੱਬਸਾਈਟ ’ਤੇ ਮੋਦੀ ਦੀ ਫੋਟੋ ਲਾਾਈ ਗਈ ਹੈ, ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕੰਜ਼ਿਊਮਰ ਕੋਰਟ ਦੇ ਦਫਤਰ ਵਿੱਚ ਚੈਕਿੰਗ ਕੀਤੀ ਅਤੇ ਵੈੱਬਸਾਈਟ ਤੋਂ ਪੀਐੱਮ ਮੋਦੀ ਦੀ ਫੋਟੋ ਹਟਾ ਦਿੱਤੀ। ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਭਾਜਪਾ ਵੱਲੋਂ ਸਰਕਾਰੀ ਤੰਤਰ ’ਚ ਨਰਿੰਦਰ ਮੋਦੀ ਦੀ ਫੋਟੋ ਅਤੇ ਨਾਂ ਦੀ ਵਰਤੋਂ ਪੂਰੀ ਤਰ੍ਹਾਂ ਗਲਤ ਹੈ।