ਹਰਜੀਤ ਸਿੰਘ
ਡੇਰਾਬੱਸੀ, 18 ਮਾਰਚ
ਇਥੋਂ ਦੀ ਤਹਿਸੀਲ ਵਿੱਚ ਬਹੁਚਰਚਿਤ ਫਰਜ਼ੀ ਐੱਨਓਸੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਹਾਈ ਕੋਰਟ ਤੋਂ ਪੰਜ ਮਹੀਨੇ ਬਾਅਦ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਮਿਲਣ ਵਾਲਿਆਂ ਵਿੱਚ ਕਲੋਨਾਈਜ਼ਰ ਗੁਲਸ਼ਨ ਕੁਮਾਰ, ਅਰਜਨ ਨਵੀਸ ਸੁਰੇਸ਼ ਜੈਨ ਵਾਸੀਆਨ ਡੇਰਾਬੱਸੀ ਅਤੇ ਐੱਨਓਸੀ ਬਣਾਉਣ ਵਾਲਾ ਵਿੱਕੀ ਠਾਕੁਰ ਵਾਸੀ ਪਿੰਡ ਭਾਂਖਰਪੁਰ ਸ਼ਾਮਲ ਹੈ। ਇਨ੍ਹਾਂ ਵਿੱਚੋਂ ਗੁਲਸ਼ਨ ਕੁਮਾਰ ਅਤੇ ਸੁਰੇਸ਼ ਜੈਨ ਨੂੰ ਪੁਲੀਸ ਨੇ ਲੰਘੇ ਸਾਲ 18 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ ਜਦਕਿ ਵਿੱਕੀ ਠਾਕੁਰ ਨੂੰ ਦੋਵਾਂ ਨੂੰ ਤੋਂ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਤਹਿਸੀਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ’ਤੇ ਠਲ੍ਹ ਪਾਉਣ ਅਤੇ ਨਾਜਾਇਜ਼ ਕਲੋਨੀਆਂ ’ਤੇ ਰੋਕ ਲਾਉਣ ਦੇ ਮਕਸਦ ਨਾਲ ਹਰੇਕ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਸਬੰਧਿਤ ਮਹਿਕਮੇ ਤੋਂ ਐੱਨਓਸੀ ਦੀ ਸ਼ਰਤ ਲਾਈ ਗਈ ਸੀ। ਸ਼ੁਰੂਆਤੀ ਦੌਰ ਵਿੱਚ ਤਹਿਸੀਲਾਂ ਵਿੱਚ ਨਾਜਾਇਜ਼ ਕਲੋਨੀਆਂ ਦੀ ਰਜਿਸਟਰੀਆਂ ’ਤੇ ਬਿਲਕੁਲ ਰੋਕ ਲੱਗ ਗਈ ਸੀ। ਪਰ ਪੰਜਾਬ ਸਰਕਾਰ ਦੀ ਇਹ ਯੋਜਨਾ ਉਸ ਵੇਲੇ ਫੇਲ੍ਹ ਹੋ ਗਈ ਜਦਕਿ ਤਹਿਸੀਲ ਵਿੱਚ ਬੈਠੇ ਕੁਝ ਅਰਜਨ ਨਵੀਸ, ਕਲੋਨਾਈਜ਼ਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮਿਲੀ ਭੁਗਤ ਨਾਲ ਰਿਕਾਰਡ ਵਿੱਚ ਜਾਅਲੀ ਐੱਨਓਸੀ ਲਾ ਕੇ ਰਜਿਸਟਰੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਾਮਲੇ ਦਾ ਉਸ ਵੇਲੇ ਪਰਦਾਫਾਸ਼ ਹੋਇਆ ਜਦ ‘‘ਪੰਜਾਬੀ ਟ੍ਰਿਬਿਊਨ’’ ਦੇ ਹੱਥ ਇਕ ਫਰਜ਼ੀ ਐੱਨਓਸੀ ਲੱਗੀ ਜਿਸ ਦੀ ਪੁਸ਼ਟੀ ਨਗਰ ਕੌਂਸਲ ਵੱਲੋਂ ਕੀਤੀ ਗਈ। ਕੌਂਸਲ ਵੱਲੋਂ ਜਾਂਚ ’ਚ ਸਾਹਮਣੇ ਆਇਆ ਕਿ ਤਕਰੀਬਨ 175 ਜਾਅਲੀ ਐੱਨਓਸੀ ਨਾਲ ਰਜਿਸਟਰੀਆਂ ਹੋਈਆਂ ਹਨ।