ਨਵੀਂ ਦਿੱਲੀ: ਭ੍ਰਿਸ਼ਟਾਚਾਰ ਵਿਰੋਧੀ ਲੋਕਪਾਲ ਨੇ ਸੀਬੀਆਈ ਨੂੰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇਤਾ ਮਹੂਆ ਮੋਇਤਰਾ ਖ਼ਿਲਾਫ਼ ‘ਸਵਾਲ ਬਦਲੇ ਨਕਦੀ’ ਦੇ ਕਥਿਤ ਦੋਸ਼ਾਂ ਦੀ ਜਾਂਚ ਕਰਨ ਅਤੇ ਜਾਂਚ ਰਿਪੋਰਟ ਛੇ ਮਹੀਨਿਆਂ ’ਚ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਖੁਲਾਸਾ ਇੱਕ ਹੁਕਮ ’ਚ ਹੋਇਆ ਹੈ। ਮੋਇਤਰਾ ਨੂੰ ‘ਅਨੈਤਿਕ ਵਿਹਾਰ’ ਬਦਲੇ ਪਿਛਲੇ ਦਸੰਬਰ ਮਹੀਨੇ ਸੰਸਦ ਮੈਂਬਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਪਾਰਟੀ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਦੀ ਕਿਸ਼ਨਗੜ੍ਹ ਲੋਕ ਸਭਾ ਸੀਟ ਤੋਂ ਮੁੜ ਉਮੀਦਵਾਰ ਬਣਾਇਆ ਹੈ। ਲੋਕਪਾਲ ਨੇ ਇਹ ਨਿਰਦੇਸ਼ ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਦੀ ਸ਼ਿਕਾਇਤ ’ਤੇ ਫੈਸਲਾ ਕਰਦਿਆਂ ਦਿੱਤਾ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਸੀ ਕਿ ਮੋਇਤਰਾ ਨੇ ਦੁਬਈ ਅਧਾਰਿਤ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਨਕਦੀ ਤੇ ਤੋਹਫ਼ਿਆਂ ਬਦਲੇ ਸੰਸਦ ਦੇ ਹੇਠਲੇ ਸਦਨ ’ਚ ਸਵਾਲ ਪੁੱਛੇ ਸਨ। -ਪੀਟੀਆਈ