ਨਵੀਂ ਦਿੱਲੀ, 20 ਮਾਰਚ
ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਆਪਣੀ ਜਨ ਅਧਿਕਾਰ ਪਾਰਟੀ ਦਾ ਵੀ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ ਹੈ। ਯਾਦਵ ਤੇ ਉਸ ਦੇ ਪੁੱਤਰ ਸਾਰਥਕ ਨੇ ਕਾਂਗਰਸ ਹੈੱਡਕੁਆਰਟਰ ’ਚ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਬਿਹਾਰ ਤੋਂ ਪੰਜ ਵਾਰ ਦੇ ਸਾਬਕਾ ਸੰਸਦ ਮੈਂਬਰ ਯਾਦਵ ਕਾਂਗਰਸ ਦੀ ਰਾਜ ਸਭਾ ਮੈਂਬਰ ਰਣਜੀਤ ਰੰਜਨ ਦੇ ਪਤੀ ਹਨ ਅਤੇ ਪੂਰਬੀ ਸੂਬੇ ਦੇ ਸੀਮਾਂਚਲ ਖੇਤਰ ’ਚ ਉਨ੍ਹਾਂ ਦਾ ਚੰਗਾ ਪ੍ਰਭਾਵ ਦੱਸਿਆ ਜਾਂਦਾ ਹੈ। ਯਾਦਵ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਇੱਜ਼ਤ ਦਿੱਤੀ ਅਤੇ ਉਨ੍ਹਾਂ ਤਾਨਾਸ਼ਾਹੀ ਖ਼ਿਲਾਫ਼ ਲੜਾਈ ਲੜਨ ਅਤੇ ਜਮਹੂਰੀਅਤ ਤੇ ਸੰਵਿਧਾਨ ਦੀ ਰਾਖੀ ਲਈ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ, ‘ਕਾਂਗਰਸ ਪਰਿਵਾਰ ਨੇ ਉਨ੍ਹਾਂ ਨੂੰ ਜੋ ਇੱਜ਼ਤ ਦਿੱਤੀ, ਉਹ ਉਨ੍ਹਾਂ ਸਾਡੇ ਲਈ ਬਹੁਤ ਹੈ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਦੋਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ।’ ਉਨ੍ਹਾਂ ਕਿਹਾ, ‘ਜੇਕਰ ਕਿਸੇ ਨੇ ਭਾਰਤ ਦੇ ਲੋਕਾਂ ਦਾ ਦਿਲ ਜਿੱਤਿਆ ਹੈ ਤਾਂ ਉਹ ਰਾਹੁਲ ਗਾਂਧੀ ਹਨ ਤੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਜਾਤੀ ਸਰਵੇਖਣ ਦਾ ਮੁੱਦਾ ਚੁੱਕ ਕੇ ਓਬੀਸੀ ਦੇ ਮਸਲੇ ਵੀ ਉਭਾਰੇ ਹਨ।’ ਉਨ੍ਹਾਂ ਕਿਹਾ, ‘ਇਸ ਦੇਸ਼ ਨੂੰ ਬਚਾਉਣ ਅਤੇ ਸੰਵਿਧਾਨ ਤੇ ਜਮਹੂਰੀਅਤ ਦੀ ਰਾਖੀ ਲਈ ਰਾਹੁਲ ਗਾਂਧੀ ਦੀ ਤਾਨਾਸ਼ਾਹ ਖ਼ਿਲਾਫ਼ ਜੰਗ ’ਚ ਸ਼ਾਮਲ ਹੋਣ ਤੋਂ ਬਿਨਾਂ ਕੋਈ ਰਾਹ ਨਹੀਂ ਹੈ।’ ਬਿਹਾਰ ਕਾਂਗਰਸ ਦੇ ਇੰਚਾਰਜ ਮੋਹਨ ਪ੍ਰਕਾਸ਼ ਅਤੇ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪਾਰਟੀ ’ਚ ਉਨ੍ਹਾਂ ਦਾ ਸਵਾਗਤ ਕੀਤਾ। ਯਾਦਵ ਨੇ ਕਿਹਾ, ‘ਮੇਰੀ ਵਿਚਾਰਧਾਰਾ ਹਮੇਸ਼ਾ ਕਾਂਗਰਸ ਦੀ ਵਿਚਾਰਧਾਰਾ ਦੇ ਨੇੜੇ ਰਹੀ ਹੈ। ਰਾਹੁਲ ਗਾਂਧੀ ਸੰਘਰਸ਼ ਦੇ ਪ੍ਰਤੀਕ ਹਨ ਅਤੇ ਉਨ੍ਹਾਂ ਦੇਸ਼ ਲਈ ਇੱਕ ਆਸ ਜਗਾਈ ਹੈ।’ ਉਨ੍ਹਾਂ ਕਿਹਾ, ‘ਕਾਂਗਰਸ ਤੇ ਲਾਲੂ ਯਾਦਵ ਮਿਲ ਕੇ 2024 ਜਿੱਤਣਗੇ ਅਤੇ 2025 ਜਿੱਤਣਗੇ। -ਪੀਟੀਆਈ
ਸੰਸਦ ਮੈਂਬਰ ਦਾਨਿਸ਼ ਅਲੀ ਕਾਂਗਰਸ ਵਿੱਚ ਸ਼ਾਮਲ
ਨਵੀਂ ਦਿੱਲੀ: ਲੋਕ ਸਭਾ ਮੈਂਬਰ ਦਾਨਿਸ਼ ਅਲੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਹ ਆਪਣੇ ਸੰਸਦੀ ਹਲਕੇ ਅਮਰੋਹਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਅਲੀ ਨੇ ਪਿਛਲੇ ਦਿਨੀਂ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਉੱਤਰ ਪ੍ਰਦੇਸ਼ ਦੀ ਅਮਰੋਹਾ ਸੀਟ ਤੋਂ ਲੋਕ ਸਭਾ ’ਚ ਆਪਣੀ ਦੂਜੀ ਪਾਰੀ ਲਈ ਸੋਨੀਆ ਗਾਂਧੀ ਦਾ ਆਸ਼ੀਰਵਾਦ ਹਾਸਲ ਕੀਤਾ ਹੈ। ਸਮਾਜਵਾਦੀ ਪਾਰਟੀ ਨਾਲ ਗੱਠਜੋੜ ਮਗਰੋਂ ਉੱਤਰ ਪ੍ਰਦੇਸ਼ ’ਚ ਜੋ 17 ਲੋਕ ਸਭਾ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਹਨ, ਉਨ੍ਹਾਂ ’ਚ ਅਮਰੋਹਾ ਵੀ ਸ਼ਾਮਲ ਹੈ। ਦਾਨਿਸ਼ ਅਲੀ ਪਿਛਲੇ ਮਹੀਨੇ ਅਮਰੋਹਾ ’ਚ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ‘ਭਾਰਤ ਜੋੜੋ ਨਿਆਏ ਯਾਤਰਾ’ ਵਿੱਚ ਵੀ ਸ਼ਾਮਲ ਹੋਏ ਸਨ। ਦਾਨਿਸ਼ ਨੂੰ ਪਿਛਲੇ ਸਾਲ ਨੌਂ ਦਸੰਬਰ ਨੂੰ ਬਸਪਾ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ’ਚੋਂ ਕੱਢ ਦਿੱਤਾ ਸੀ। -ਪੀਟੀਆਈ