ਖੇਤਰੀ ਪ੍ਰਤੀਨਿਧ
ਬਰਨਾਲਾ, 20 ਮਾਰਚ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਇੱਥੇ ਤਰਕਸ਼ੀਲ ਵਿਚ ਸੂਬਾ ਜਥੇਬੰਦਕ ਮੁਖੀ ਮਾ. ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ। ਸੁਸਾਇਟੀ ਦੇ ਸੂਬਾ ਮੀਡੀਆ ਵਿੰਗ ਮੁਖੀ ਸੁਮੀਤ ਸਿੰਘ ਅੰਮ੍ਰਿਤਸਰ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਫੈਸਲਾ ਕੀਤਾ ਗਿਆ ਕਿ ਤਰਕਸ਼ੀਲ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉਤੇ ਜਨਵਰੀ ਮਹੀਨੇ 295 ਅਤੇ 295 ਏ ਤਹਿਤ ਦਰਜ ਕੇਸਾਂ ਨੂੰ ਬਿਨਾਂ ਸ਼ਰਤ ਰੱਦ ਕਰਵਾਉਣ ਲਈ ਸਮੂਹ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲੇ ਮਹੀਨੇ ਸਾਂਝੇ ਜਨਤਕ ਸੰਘਰਸ਼ ਨੂੰ ਹੋਰ ਤਿੱਖਿਆਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ, ਸਿੱਖਿਆ ਦਾ ਭਗਵਾਂਕਰਨ ਤੇ ਵਪਾਰੀਕਰਨ ਅਤੇ ਆਮ ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਹੋ ਰਹੇ ਕਾਰਪੋਰੇਟ ਅਤੇ ਫ਼ਿਰਕੂ ਹਮਲਿਆਂ ਆਦਿ ਮੁੱਦਿਆਂ ਸਬੰਧੀ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦਾ ਫੈਸਲਾ ਵੀ ਕੀਤਾ ਗਿਆ। ਸੂਬਾ ਕਮੇਟੀ ਆਗੂ ਰਾਜੇਸ਼ ਅਕਲੀਆ, ਬਲਬੀਰ ਲੌਂਗੋਵਾਲ, ਜਸਵੰਤ ਮੋਹਾਲੀ ਤੇ ਰਾਮ ਸਵਰਨ ਲੱਖੇਵਾਲੀ ਨੇ ਕਿਹਾ ਕਿ ਫ਼ਿਰਕੂ ਸੰਗਠਨਾਂ ਦੇ ਦਬਾਅ ਹੇਠ ਧਾਰਾ 295 ਏ ਦਾ ਗ਼ਲਤ ਇਸਤੇਮਾਲ ਕਰਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਸੰਵਿਧਾਨਕ ਹੱਕ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਨੇ ਸਾਰੇ ਤਰਕਸ਼ੀਲ ਤੇ ਸਮਾਜਿਕ ਕਾਰਕੁਨਾਂ ਦੇ ਖ਼ਿਲਾਫ਼ 295 ਅਤੇ 295 ਏ ਤਹਿਤ ਦਰਜ ਨਾਜਾਇਜ਼ ਕੇਸਾਂ ਨੂੰ ਬਿਨਾਂ ਸ਼ਰਤ ਰੱਦ ਨਾ ਕੀਤਾ ਤਾਂ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੀ ਇਸ ਫ਼ਿਰਕੂ ਤਾਨਾਸ਼ਾਹੀ ਦੇ ਖ਼ਿਲਾਫ਼ ਵੱਡਾ ਜਨਤਕ ਅੰਦੋਲਨ ਵਿਢਿਆ ਜਾਵੇਗਾ। ਹੇਮ ਰਾਜ ਸਟੈਨੋਂ, ਜੋਗਿੰਦਰ ਕੁੱਲੇਵਾਲ, ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ ਤੇ ਸੰਦੀਪ ਧਾਰੀਵਾਲ ਭੋਜਾ ਨੇ ਮੋਦੀ ਸਰਕਾਰ ਵੱਲੋਂ ਲੋਕ ਪੱਖੀ ਪੱਤਰਕਾਰਾਂ, ਵਕੀਲਾਂ, ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਆਦਿਵਾਸੀਆਂ ਦੀ ਜੇਲ੍ਹਾਂ ਵਿਚ ਅਣਮਿੱਥੇ ਸਮੇਂ ਦੀ ਨਜ਼ਰਬੰਦੀ ਦਾ ਡਟਵਾਂ ਵਿਰੋਧ ਕਰਦਿਆਂ ਇਸਦੇ ਖ਼ਿਲਾਫ਼ ਹਮ ਖਿਆਲ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਵਿਚ ਜਮਹੂਰੀ ਲਹਿਰ ਉਸਾਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਇਸ ਮੌਕੇ 6-7 ਅਪਰੈਲ ਨੂੰ ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਦੀ ਦੋ ਰੋਜ਼ਾ ਸਾਲਾਨਾ ਸੂਬਾਈ ਇਕੱਤਰਤਾ ਕਰਵਾਉਣ ਅਤੇ ਕਾਰਜ ਵਿਉਂਤਬੰਦੀ ਨੂੰ ਹੋਰ ਵਧ ਸਰਗਰਮੀ ਨਾਲ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਸ ਮੌਕੇ ਵਮਾਸਟਰ ਪਰਮਵੇਦ ਸੰਗਰੂਰ, ਕੁਲਜੀਤ ਫਾਜ਼ਿਲਕਾ, ਮਨਜੀਤ ਸਿੰਘ ਜਲੰਧਰ, ਅਜਾਇਬ ਜਲਾਲਆਣਾ ਬਠਿੰਡਾ, ਰਾਮ ਕੁਮਾਰ ਪਟਿਆਲਾ, ਧਰਮ ਪਾਲ ਸਿੰਘ ਲੁਧਿਆਣਾ, ਮਾਸਟਰ ਰਾਮ ਕੁਮਾਰ ਨਵਾਂ ਸ਼ਹਿਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।