ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਾਰਚ
ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਅੱਜ ਸਾਲਾਨਾ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਪੀਏਯੂ ਦੇ ਡਾਇਰੈਕਟਰ ਸਟੂਡੈਂਟ ਵੈਲਫੇਅਰ ਡਾ. ਨਿਰਮਲ ਜੌੜਾ ਅਤੇ ਡਾ. ਐੱਸਐੱਸ ਸਿਬੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਮੁਖੀ ਪ੍ਰੋ. ਰਾਣੀ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਖੇਡ ਮੇਲੇ ਦਾ ਉਦਘਾਟਨ ਕਰਦੇ ਹੋਏ ਡਾ. ਜੌੜਾ ਨੇ ਝੰਡਾ ਲਹਿਰਾ ਕੇ ਮਾਰਚ ਪਾਸਟ ਤੋਂ ਸਲਾਮੀ ਲਈ। ਕਾਲਜ ਵਿਦਿਆਰਥਣ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ। ਮੁਕਾਬਲਿਆਂ ਲਈ ਹਰ ਟੀਮ ਵਿੱਚ ਸਪੋਰਟਸ ਤੇ ਨਾਨ ਸਪੋਰਟਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਦੌਰਾਨ 50, 100, 200, 400 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ, ਉੱਚੀ ਛਾਲ, ਡਿਸਕਸ ਥਰੋਅ, ਜੈਵਲਿਨ ਥਰੋਅ, ਸ਼ਾਟ ਪੁੱਟ ਆਦਿ ਅਤੇ ਚਮਚ ਆਲੂ ਦੌੜ, ਤਿੰਨ ਟੰਗੀ ਦੌੜ, ਚਾਟੀ ਦੌੜ, ਬੋਰੀ ਦੌੜ, ਰੱਸਾ ਟੱਪਣ ਆਦਿ ਦੇ ਰੌਚਕ ਮੁਕਾਬਲੇ ਕਰਵਾਏ ਗਏ। ਖੇਡ ਸਮਾਗਮ ਵਿੱਚ ਨਿਸ਼ੂ ਨੂੰ ਸਪੋਰਟਸ ਵਰਗ ਵਿੱਚ ਜਦਕਿ ਸਪਨਾ ਨੂੰ ਨਾਨ ਸਪੋਰਟਸ ਵਰਗ ਵਿੱਚ ਸਰਬੋਤਮ ਖਿਡਾਰਨ ਐਲਾਨਿਆ ਗਿਆ। ਮਹਿਮਾਨਾਂ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਕਾਲਜ ਪ੍ਰਿੰ. ਜਸਪਾਲ ਕੌਰ ਨੇ ਵਿਭਾਗ ਦੇ ਮੁਖੀ ਪ੍ਰੋ. ਰਾਣੀ ਕੌਰ ਨੂੰ ਇਸ ਖੇਡ ਮੇਲੇ ਦੀ ਸਫ਼ਲਤਾ ਲਈ ਵਧਾਈ ਦਿੱਤੀ। ਕਾਲਜ ਕੌਂਸਲ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਵੀ ਜਿੱਤੀਆਂ ਹੋਈਆਂ ਖਿਡਾਰਣਾਂ ਨੂੰ ਵਧਾਈ ਦਿੱਤੀ।