ਐੱਲ. ਵੀ. ਮਿਤਰੋਖਿਨ
ਅਕਤੂਬਰ 1967 ਵਿੱਚ ਭਾਰਤ ਵਿੱਚ ਇੱਕ ਅਜਿਹੇ ਆਦਮੀ ਨਾਲ ਵੀ ਮੇਰੀ ਮੁਲਾਕਾਤ ਹੋਈ ਜੋ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਉਨ੍ਹਾਂ ਨੂੰ ਮਿਲੇ ਸਨ। ਉਹ ਸਨ – ਪ੍ਰਾਣ ਨਾਥ ਮਹਿਤਾ, ਭਗਤ ਸਿੰਘ ਹੋਰਾਂ ਦੇ ਮਿੱਤਰ ਅਤੇ ਵਕੀਲ। ਉਨਾਂ ਮੈਨੂੰ ਦੱਸਿਆ, ‘‘ਉਨ੍ਹੀਂ ਦਿਨੀਂ ਮੈਂ ਹਮੇਸ਼ਾਂ ਆਪਣੇ ਕੋਲ ਡਾਇਰੀ ਰੱਖਦਾ ਸਾਂ, ਆਪਣੇ ਅਦਾਲਤੀ ਕੰਮ ਲਈ ਵੀ ਮੈਨੂੰ ਇਸ ਦੀ ਲੋੜ ਹੁੰਦੀ ਸੀ, ਪਰ ਬਦਕਿਸਮਤੀ ਨਾਲ 1947 ਦੀ ਵੰਡ ਵੇਲੇ ਜਦੋਂ ਮੈਨੂੰ ਅਚਾਨਕ ਲਾਹੌਰ ਛੱਡਣਾ ਪਿਆ ਤਾਂ ਮੇਰੇ ਸਾਰੇ ਕਾਗਜ਼ ਪੱਤਰ ਉੱਥੇ ਹੀ ਰਹਿ ਗਏ। ਕੋਈ ਪਤਾ ਨਹੀਂ ਉਨ੍ਹਾਂ ਦਾ ਕੀ ਬਣਿਆ? ਤਦ ਵੀ ਭਾਵੇਂ ਮੇਰੀਆਂ ਡਾਇਰੀਆ ਤਾਂ ਗੁੰਮ ਹੋ ਗਈਆਂ, ਪਰ ਉਨ੍ਹਾਂ ਦਿਨਾਂ ਦੀਆਂ ਘਟਨਾਵਾਂ ਨੇ ਮੇਰੇ ਦਿਮਾਗ਼ ਉਤੇ ਐਨੀ ਗਹਿਰੀ ਛਾਪ ਛੱਡੀ ਹੈ ਜਿਸ ਨੂੰ ਨਾ ਵਕਤ ਮਿਟਾ ਸਕਿਆ ਤੇ ਨਾ ਬਾਅਦ ਦੀਆਂ ਦੂਜੀਆਂ ਘਟਨਾਵਾਂ …।’
‘ਕਾਫ਼ੀ ਕੋਸ਼ਿਸ਼ ਦੇ ਬਾਅਦ ਆਖਰ 23 ਮਾਰਚ 1931 ਨੂੰ ਮੈਨੂੰ ਉਹ ਕਿਤਾਬ ਮਿਲ ਗਈ, ਜਿਹੜੀ ਭਗਤ ਸਿੰਘ ਨੇ ਮੰਗਵਾਈ ਸੀ। ਮੈਂ ਜੇਲ੍ਹ ਉਨ੍ਹਾਂ ਨੂੰ ਮਿਲਣ ਗਿਆ। ਜੇਲ੍ਹ ਦੇ ਗੇਟ ਉਤੇ ਮੈਨੂੰ ਦੱਸਿਆ ਗਿਆ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਸੇ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਵਜ੍ਹਾ ਇਹ ਸੀ ਕਿ ਜੇਲ੍ਹ ਅਧਿਕਾਰੀਆਂ ਨੇ ਖ਼ੂਨ ਦੇ ਸਿੱਧੇ ਰਿਸ਼ਤੇ ਵਾਲੇ ਸਬੰਧੀਆਂ ਨੂੰ ਛੱਡ ਕੇ ਹੋਰ ਕਿਸੇ ਨਾਲ ਉਨ੍ਹਾਂ ਦੀ ਮੁਲਾਕਾਤ ਉਤੇ ਪਾਬੰਦੀ ਲਾ ਦਿੱਤੀ ਸੀ। ਇਸ ਦੇ ਵਿਰੋਧ ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਤਦ ਉਹ ਕਿਸੇ ਨੂੰ ਵੀ ਨਹੀਂ ਮਿਲਣਗੇ।’
‘ਕੁਝ ਕਰਨਾ ਚਾਹੀਦਾ ਹੈ, ਮੈਂ ਸੋਚਿਆ। ਮੈਂ ਜੇਲ੍ਹ ਅਧਿਕਾਰੀਆਂ ਨੂੰ ਮਿਲਿਆ। ਉਨ੍ਹਾਂ ਵਿੱਚੋਂ ਮਿਸਟਰ ਪੁਰੀ ਨੇਕ ਇਨਸਾਨ ਨਿਕਲਿਆ। ਉਸ ਨੇ ਮੈਨੂੰ ਸਲਾਹ ਦਿੱਤੀ ਕਿ ਤਿੰਨਾਂ ਕੈਦੀਆਂ ਦਾ ਵਕੀਲ ਹੋਣ ਦੇ ਨਾਤੇ ਮੈਂ ਅਰਜ਼ੀ ਲਿਖਾਂ ਕਿ ਮੈਂ ਉਨ੍ਹਾਂ ਦੀ ਆਖਰੀ ਇੱਛਾ ਲਿਖਣ ਲਈ ਉਨ੍ਹਾਂ ਨੂੰ ਮਿਲਣਾ ਹੈ। ਮੈਂ ਅਜਿਹਾ ਹੀ ਕੀਤਾ, ਤਦ ਉਨ੍ਹਾਂ ਮੈਨੂੰ ਭਗਤ ਸਿੰਘ ਦੀ ਕਾਲ ਕੋਠੜੀ ਵਿੱਚ ਹੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ। ਰਾਜਗੁਰੂ ਤੇ ਸੁਖਦੇਵ ਨੂੰ ਵੀ ਉੱਥੇ ਲੈ ਆਂਦਾ ਗਿਆ।’
‘ਉਸ ਵਕਤ ਮੈਨੂੰ ਇਹ ਪਤਾ ਨਹੀਂ ਸੀ ਕਿ ਇਨ੍ਹਾਂ ਤਿੰਨਾਂ ਨਾਲ ਇਹ ਮੇਰੀ ਆਖਰੀ ਮੁਲਾਕਾਤ ਹੈ। ਇਸ ਦੇ ਦੋ ਤਿੰਨ ਘੰਟੇ ਬਾਅਦ ਹੀ ਇਨ੍ਹਾਂ ਨੂੰ ਫਾਂਸੀ ਦੇ ਦਿੱਤੀ ਜਾਵੇਗੀ।’
‘ਭਗਤ ਸਿੰਘ ਨੇ ਮੈਨੂੰ ਪੁੱਛਿਆ ਕਿ ਮੈਂ ਕਿਤਾਬ ਲਿਆਇਆ ਹਾਂ ਜਾਂ ਨਹੀਂ? ਮੈਂ ਕਿਤਾਬ ਉਸ ਨੂੰ ਦੇ ਦਿੱਤੀ ਤਾਂ ਉਹ ਖ਼ੁਸ਼ ਹੋਇਆ। ਕਿਤਾਬ ਲੈਂਦਿਆਂ ਹੀ ਬੋਲਿਆ ‘ਅੱਜ ਰਾਤ ਹੀ ਇਸ ਨੂੰ ਪੜ੍ਹ ਕੇ ਖ਼ਤਮ ਕਰ ਦਿਆਂਗਾ, ਇਸ ਤੋਂ ਪਹਿਲਾਂ ਕਿ…!’ ਉਦੋਂ ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਉਹ ਕਿਤਾਬ ਅਖੀਰ ਤੱਕ ਕਦੀ ਨਹੀਂ ਪੜ੍ਹ ਸਕੇਗਾ!’
ਮੈਂ ਪ੍ਰਾਣ ਨਾਥ ਮਹਿਤਾ ਨੂੰ ਪੁੱਛਿਆ ਕਿ ਕੀ ਉਸ ਨੂੰ ਉਸ ਕਿਤਾਬ ਦਾ ਨਾਂ ਯਾਦ ਹੈ? ਉਨ੍ਹਾਂ ਦਾ ਜੁਆਬ ਸੀ : ‘ਮੈਨੂੰ ਠੀਕ ਠੀਕ ਤਾਂ ਯਾਦ ਨਹੀਂ ਕਿ ਉਹ ਲੈਨਿਨ ਬਾਰੇ ਸੀ ਜਾਂ ਕੋਈ ਲੈਨਿਨ ਦੀ ਲਿਖੀ ਕਿਤਾਬ, ਪਰ ਉਹ ਇੱਕ ਛੋਟੀ ਜਿਹੀ ਕਿਤਾਬ ਸੀ। …ਦੂਜੇ ਦਿਨ ਜੇਲ੍ਹ ਦੇ ਫਾਂਸੀ ਹਾਤੇ ਦੇ ਸੰਤਰੀ ਨੇ ਮੈਨੂੰ ਦੱਸਿਆ ਕਿ ਜਦੋਂ ਸ਼ਾਮੀ ਫਾਂਸੀ ਲਈ ਭਗਤ ਸਿੰਘ ਨੂੰ ਲਿਜਾਣ ਆਏ ਸਨ ਤਾਂ ਉਹ ਉਹੋ ਕਿਤਾਬ ਪੜ੍ਹ ਰਿਹਾ ਸੀ। ਬਾਅਦ ਵਿੱਚ ਭਗਤ ਸਿੰਘ ਜਿਹੜੀਆਂ ਚੀਜ਼ਾਂ ਪਿੱਛੇ ਛੱਡ ਗਏ ਸਨ, ਉਨ੍ਹਾਂ ਦੇ ਵਿੱਚ ਉਹ ਕਿਤਾਬ ਵੀ ਮਿਲੀ ਸੀ।’
ਪ੍ਰਾਣ ਨਾਥ ਮਹਿਤਾ ਨੇ ਅੱਗੇ ਕਿਹਾ ‘ਸ਼ਾਇਦ ਉਸੇ ਸੰਤਰੀ ਨੇ ਹੀ ਭਗਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਦੇ ਆਖਰੀ ਪਲਾਂ ਦੇ ਸਬੰਧ ਵਿੱਚ ਦੱਸਿਆ ਸੀ।’
ਉਸੇ ਆਧਾਰ ’ਤੇ ਭਗਤ ਸਿੰਘ ਦੀ ਭਤੀਜੀ ਵਰਿੰਦਰ ਸੰਧੂ ਨੇ ਆਪਣੀ ਕਿਤਾਬ ਵਿੱਚ ਇਹ ਵਿਸਥਾਰ ਲਿਖਿਆ ਹੈ ਕਿ ਜਦੋਂ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ, ਭਗਤ ਸਿੰਘ ਪ੍ਰਾਣ ਨਾਥ ਮਹਿਤਾ ਵੱਲੋਂ ਲਿਆਂਦੀ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਦਹਿਲੀਜ਼ ਉਤੇ ਜੇਲ੍ਹ ਦਾ ਅਫ਼ਸਰ ਖਲੋਤਾ ਸੀ।
‘ਸਰਦਾਰ ਜੀ’ ਉਸ ਨੇ ਕਿਹਾ, ‘ਫਾਂਸੀ ਲਾਉਣ ਦਾ ਹੁਕਮ ਆ ਗਿਆ ਹੈ, ਤਿਆਰ ਹੋ ਜਾਓ।’
ਭਗਤ ਸਿੰਘ ਦੇ ਸੱਜੇ ਹੱਥ ’ਚ ਕਿਤਾਬ ਸੀ, ਉਸ ਤੋਂ ਨਜ਼ਰਾਂ ਚੁੱਕੇ ਬਿਨਾਂ ਹੀ ਉਸ ਨੇ ਖੱਬਾ ਹੱਥ ਚੁੱਕ ਕੇ ਕਿਹਾ, ‘ਠਹਿਰੋ! ਇੱਥੇ ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।’
‘ਕੁਝ ਲਾਈਨਾਂ ਹੋਰ ਪੜ੍ਹ ਕੇ ਉਨ੍ਹਾਂ ਕਿਤਾਬ ਇੱਕ ਪਾਸੇ ਰੱਖ ਦਿੱਤੀ ਅਤੇ ਉੱਠ ਕੇ ਖਲੋਦਿਆਂ ਬੋਲੇ : ‘ਚਲੋ।’
ਸੋਵੀਅਤ ਸੰਘ ਦੇ ਭਾਰਤ ਬਾਰੇ ਖੋਜ ਕਰਤਾ ਵਿਦਵਾਨ ਐੱਲ. ਵੀ. ਮਿਤਰੋਖਿਨ ਦੀ 1981 ਵਿੱਚ ਛਪੀ ਕਿਤਾਬ ‘ਲੈਨਿਨ ਅਤੇ ਭਾਰਤ’ ਵਿਚਲੇ ਇੱਕ ਲੇਖ ’ਚੋਂ।
ਅਨੁਵਾਦ: ਸੁਖਦਰਸ਼ਨ ਸਿੰਘ ਨੱਤ
ਸੰਪਰਕ: 94172-33404