ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਬਹੁਚਰਚਿਤ ਫਿਲਮ ‘ਕਰਿਊ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਉਸ ਨੇ ਫਿਲਮ ਦੀ ਪਟਕਥਾ ਦਾ ਦੂਜਾ ਹਿੱਸਾ ਸੁਣਨ ਤੋਂ ਪਹਿਲਾਂ ਹੀ ਫਿਲਮ ਲਈ ਹਾਂ ਕਰ ਦਿੱਤੀ ਸੀ। ਇਹ ਜਾਣਕਾਰੀ ਫ਼ਿਲਮ ਦੇ ਲੇਖਕ ਮੇਹੁਲ ਸੂਰੀ ਅਤੇ ਨਿਧੀ ਮਹਿਰਾ ਨੇ ਸਾਂਝੀ ਕਰਦਿਆਂ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਜੇਸ਼ ਏ. ਕ੍ਰਿਸ਼ਨਨ ਨੇ ਕੀਤਾ ਹੈ। ਮੇਹੁਲ ਸੂਰੀ ਅਤੇ ਨਿਧੀ ਮਹਿਰਾ ਨੇ ਕਿਹਾ, ‘ਜਦੋਂ ਕ੍ਰਿਤੀ ਨੇ ਕਹਾਣੀ ਸੁਣਨੀ ਸ਼ੁਰੂ ਕੀਤੀ ਤਾਂ ਉਹ ਹਾਸਾ ਨਾ ਰੋਕ ਸਕੀ, ਉਸ ਨੂੰ ਇਹ ਬਹੁਤ ਵਧੀਆ ਲੱਗੀ ਤੇ ਉਹ ਪੂਰੀ ਕਹਾਣੀ ਸੁਣੇ ਬਿਨਾਂ ਹੀ ਫਿਲਮ ਕਰਨ ਲਈ ਸਹਿਮਤ ਹੋ ਗਈ। ਉਸ ਦੀ ਪ੍ਰਤੀਕਿਰਿਆ ਨੇ ਸਾਬਤ ਕਰ ਦਿੱਤਾ ਹੈ ਕਿ ਫਿਲਮ ਦੀ ਕਹਾਣੀ ਅਸਲ ਵਿੱਚ ਕਿੰਨੀ ਮਜ਼ਾਹੀਆ ਹੈ।’ ਇਹ ਫਿਲਮ ਬਾਲਾਜੀ ਟੈਲੀਫਿਲਮਜ਼ ਅਤੇ ਅਨਿਲ ਕਪੂਰ ਫਿਲਮ ਐਂਡ ਕਮਿਊਨੀਕੇਸ਼ਨ ਨੈੱਟਵਰਕ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ ਅਤੇ 29 ਮਾਰਚ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ