ਕੋਲਕਾਤਾ, 23 ਮਾਰਚ
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸ਼ੱਤਰੂਘਨ ਸਿਨਹਾ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੂੰ ‘ਫਿਲਟਰ ਕਾਫੀ’ ਵਾਂਗ ਦੱਸਿਆ ਹੈ ਜੋ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੜ੍ਹਤ ਹਾਸਲ ਕਰ ਰਿਹਾ ਹੈ ਅਤੇ ਉਨ੍ਹਾਂ ਕਾਂਗਰਸ ਦੇ ਸਿਆਸਤ ਵਿੱਚ ਵਾਪਸੀ ਕਰਨ ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਕਮਜ਼ੋਰ ਸਮਝਣ ਦੀ ਭੁੱਲ ਨਾ ਕਰਨ ’ਤੇ ਜ਼ੋਰ ਦਿੱਤਾ।
ਆਸਨਸੋਲ ਦੇ ਸੰਸਦ ਮੈਂਬਰ ਨੇ ਦੇਸ਼ ਭਰ ਵਿੱਚ ‘ਕ੍ਰਾਂਤੀਕਾਰੀ ਯਾਤਰਾ’ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਭੂਮਿਕਾ ‘ਰੁਖ਼ ਪਲਟਣ’ ਵਾਲੀ ਹੋਵੇਗੀ। ਅਦਾਕਾਰ ਤੋਂ ਸਿਆਸਤਦਾਨ ਬਣੇ ਸਿਨਹਾ ਨੇ ਪੀਟੀਆਈ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਚੋਣ ਬਾਂਡ ਨੂੰ ਭਾਜਪਾ ਦਾ ਇਕ ‘ਵੱਡਾ ਘੁਟਾਲਾ ਅਤੇ ਵਸੂਲੀ ਦਾ ਗੋਰਖਧੰਦਾ’ ਦੱਸਿਆ ਅਤੇ ਕਿਹਾ ਕਿ ‘ਚੋਣ ਬਾਂਡ ਦੇ ਰੂਪ ਵਿੱਚ ਭਾਜਪਾ ਦੇ ਵਸੂਲੀ ਅਤੇ ਬਲੈਕਮੇਲ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਲਈ ਸੱਤ ਗੇੜ ਵਿੱਚ ਹੋਣ ਵਾਲੀਆਂ ਚੋਣਾਂ ਵਿਰੋਧੀ ਪਾਰਟੀਆਂ ਲਈ ਇਕ ਵਰਦਾਨ ਹਨ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਚੋਣਾਂ ਵਿੱਚ ਭਾਜਪਾ ਨੂੰ ਹਰਾਇਆ ਜਾਵੇਗਾ। ਜੇ ਐੱਨਡੀਏ ਸੀਬੀਆਈ, ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਦਾ ਸਮਰਥਨ ਹੈ ਤਾਂ ‘ਇੰਡੀਆ’ ਗੱਠਜੋੜ ਕੋਲ ਜਨਤਾ ਦਾ ਸਮਰਥਨ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ‘ਇੰਡੀਆ’ ਕੋਲ ਸਾਂਝੇਦਾਰੀ ਨਹੀਂ ਹੈ ਪਰ ਅਸਲ ਗੱਲ ਇਹ ਹੈ ਕਿ ਲੋਕ ਉਸ ਦੇ ਸਭ ਤੋਂ ਵੱਡੇ ਸਹਿਯੋਗੀ ਹਨ। ਵਿਰੋਧੀ ਪਾਰਟੀਆਂ ਦਾ ਗੱਠਜੋੜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੜ੍ਹਤ ਹਾਸਲ ਕਰ ਰਿਹਾ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ ਵਰਗੇ ਮਜ਼ਬੂਤ ਆਗੂਆਂ ਅਤੇ ਗੱਠਜੋੜ ਦੇ ਕਈ ਹੋਰ ਆਗੂਆਂ ਦੇ ਨਾਲ ‘ਫਿਲਟਰ ਕਾਫੀ’ ਵਾਂਗ ਹੈ। -ਪੀਟੀਆਈ