ਪਾਲ ਸਿੰਘ ਨੌਲੀ
ਜਲੰਧਰ, 23 ਮਾਰਚ
ਭਗਵਾਨ ਵਾਲਮੀਕਿ ਜੀ ਦੇ ਡੇਰਾ ਰਹੀਮਪੁਰ ਵਿੱਚ ਬਾਬਾ ਲਾਲ ਨਾਥ ਦੀ 27ਵੀਂ ਬਰਸੀ ਅਤੇ ਡੇਰੇ ਦੇ ਸਥਾਪਨਾ ਦਿਵਸ ਮੌਕੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਇਕੱਠੇ ਹੋਏ। ਚੰਨੀ ਵੱਲੋਂ ਜਲੰਧਰ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕਰਨ ਨਾਲ ਉਨ੍ਹਾਂ ਦੇ ਜਲੰਧਰ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਮਜ਼ਬੂਤ ਹੋ ਗਈਆਂ ਹਨ।
ਦਲਿਤ ਭਾਈਚਾਰੇ ਨਾਲ ਸਬੰਧਤ ਇਸ ਡੇਰੇ ਦਾ ਕਾਫੀ ਅਸਰ ਰਸੂਖ ਮੰਨਿਆ ਜਾਂਦਾ ਹੈ। ਇਸ ਡੇਰੇ ਦੇ ਮੁਖੀ ਬਾਬਾ ਪ੍ਰਗਟ ਨਾਥ ਵੀ ਧਾਰਮਿਕ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ। ਚਰਨਜੀਤ ਸਿੰਘ ਚੰਨੀ ਦੇ ਜਲੰਧਰ ਹਲਕੇ ਵਿੱਚ ਸਰਗਰਮ ਹੋਣ ਨਾਲ ਕਾਂਗਰਸੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਾਰਟੀ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਵੀ ਚੰਨੀ ਟਿਕਟ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਦੱਸੇ ਜਾ ਰਹੇ ਹਨ। ਕਾਂਗਰਸ ਹਾਈ ਕਮਾਨ ਵੱਲੋਂ ਇਸ਼ਾਰਾ ਮਿਲਣ ਤੋਂ ਬਾਅਦ ਹੀ ਚੰਨੀ ਨੇ ਆਪਣੀਆਂ ਸਰਗਮੀਆਂ ਦੀ ਸ਼ੁਰੂਆਤ ਦਲਿਤਾਂ ਦੇ ਧਾਰਮਿਕ ਡੇਰੇ ਤੋਂ ਕੀਤੀ ਹੈ।
‘ਆਪ’ ਵੱਲੋਂ ਦੂਜੀ ਵਾਰ ਉਮੀਦਵਾਰ ਬਣਾਏ ਗਏ ਸੁਸ਼ੀਲ ਕੁਮਾਰ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰੀ। ਰਿੰਕੂ ਜਲੰਧਰ ਲੋਕ ਸਭਾ ਹਲਕੇ ਤੋਂ ਉਪ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਹੁਣ ਪਾਰਟੀ ਨੇ ਉਨ੍ਹਾਂ ਨੂੰ ਦੂਜੀ ਵਾਰ ਲੋਕ ਸਭਾ ਦੀ ਚੋਣ ਲੜਨ ਦੀ ਟਿਕਟ ਦਿੱਤੀ ਹੈ। ਰਿੰਕੂ ਕਾਂਗਰਸ ’ਚੋਂ ‘ਆਪ’ ਵਿੱਚ ਸ਼ਾਮਲ ਹੋਏ ਸਨ।
ਸਮਾਗਮ ਵਿੱਚ ਹੰਸ ਰਾਜ ਹੰਸ ਨੇ ਵੀ ਕੀਤੀ ਸ਼ਮੂਲੀਅਤ
ਭਾਜਪਾ ਦੇ ਦਿੱਲੀ ਤੋਂ ਸੰਸਦ ਮੈਂਬਰ ਹੰਸ ਰਾਜ ਹੰਸ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਭਾਜਪਾ ਉਨ੍ਹਾਂ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਦਿੱਲੀ ਤੋਂ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਉਹ ਜਲੰਧਰ ਤੋਂ ਸਾਲ 2009 ਵਿੱਚ ਵੀ ਚੋਣ ਲੜ ਚੁੱਕੇ ਹਨ ਪਰ ਉਦੋਂ ਉਹ ਚੋਣ ਹਾਰ ਗਏ ਸਨ।