ਸਿੰਗਾਪੁਰ, 23 ਮਾਰਚ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਪਾਕਿਸਤਾਨ ਅਤਿਵਾਦ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਭਾਰਤ ਵੱਲੋਂ ਇਸ ਸਮੱਸਿਆ ਨੂੰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਸਿੰਗਾਪੁਰ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਜੈਸ਼ੰਕਰ ਨੇ ਸਿੰਗਾਪੁਰ ਕੌਮੀ ਯੂਨੀਵਰਸਿਟੀ (ਐੱਨਯੂਐੱਸ) ਦੇ ਦੱਖਣੀ ਏਸ਼ਿਆਈ ਅਧਿਐਨ ਸੰਸਥਾ (ਆਈਐੱਸਏਐੱਸ) ਵਿੱਚ ਪੁਸਤਕ ‘ਵ੍ਹਾਈ ਭਾਰਤ ਮੈਟਰਜ਼’ ’ਤੇ ਚਰਚਾ ਮਗਰੋਂ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਇਹ ਟਿੱਪਣੀਆਂ ਕੀਤੀਆਂ। ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘‘ਹਰੇਕ ਦੇਸ਼ ਸਥਿਰ ਗੁਆਂਢੀ ਚਾਹੁੰਦਾ ਹੈ… ਹੋਰ ਕੁੱਝ ਨਹੀਂ ਤਾਂ ਤੁਸੀਂ ਘੱਟੋ-ਘੱਟ ਇੱਕ ਸ਼ਾਂਤ ਮੁਲਕ ਤਾਂ ਚਾਹੁੰਦੇ ਹੋ।’’ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਭਾਰਤ ਨਾਲ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਖ਼ਿਲਾਫ਼ ਅਤਿਵਾਦ ਦੀ ਪੁਸ਼ਤਪਨਾਹੀ ਕਰ ਰਿਹਾ ਹੈ। ਉਨ੍ਹਾਂ ਨੇ ਪੁੱਛਿਆ, ‘‘ਤੁਸੀਂ ਇੱਕ ਅਜਿਹੇ ਗੁਆਂਢੀ ਨਾਲ ਕਿਵੇਂ ਨਜਿੱਠੋਂਗੇ ਜੋ ਇਸ ਤੱਥ ਨੂੰ ਖੁੱਲ੍ਹੇਆਮ ਸਵੀਕਾਰ ਕਰਦਾ ਹੈ ਕਿ ਉਹ ਅਤਿਵਾਦ ਨੂੰ ਸ਼ਾਸਨ ਦੇ ਸਾਧਨ ਵਜੋਂ ਵਰਤਦਾ ਹੈ।’’ ਜੈਸ਼ੰਕਰ ਨੇ ਕਿਹਾ, ‘‘ਇਹ ਇੱਕ ਵਾਰ ਨਹੀਂ, ਸਗੋਂ ਵਾਰ-ਵਾਰ ਵਾਪਰਨ ਵਾਲੀ ਘਟਨਾ ਹੈ। ਇਸ ਤਰ੍ਹਾਂ ਤੁਸੀਂ ਇਸ ਨਤੀਜੇ ’ਤੇ ਪਹੁੰਚਦੇ ਹੋ ਕਿ ਸਾਨੂੰ ਇਸ (ਖਤਰੇ) ਨਾਲ ਨਜਿੱਠਣ ਦਾ ਇੱਕ ਤਰੀਕਾ ਲੱਭਣਾ ਹੋਵੇਗਾ ਜਿਸ ਨਾਲ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲ ਸਕੇ।’’ ਜੈਸ਼ੰਕਰ ਨੇ ਕਿਹਾ, ‘‘ਭਾਰਤ ਦਾ ਰੁਖ਼ ਹੁਣ ਅਤਿਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਨਹੀਂ ਹੈ।’’ ਐੱਸ. ਜੈਸ਼ੰਕਰ ਨੇ ਭਾਰਤ ਦੇ ਰੂਸ ਤੇ ਅਮਰੀਕਾ ਨਾਲ ਸਬੰਧਾਂ ਨੂੰ ‘ਬਹੁਪੱਖੀ ਨੀਤੀ’ ਕਰਾਰ ਦਿੰਦਿਆਂ ਕਿਹਾ ਕਿ ਇਹ ਨੀਤੀ ਦੋਵਾਂ ਦੇਸ਼ਾਂ ਨਾਲ ਰਿਸ਼ਤੇ ਸੰਤੁਲਿਤ ਕਰਨ ਦੇ ਸਮਰੱਥ ਬਣਾਉਂਦੀ ਹੈ। -ਪੀਟੀਆਈ
ਜੈਸ਼ੰਕਰ ਵੱਲੋਂ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਰੱਦ
ਸਿੰਗਾਪੁਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਦਾਅਵੇ ਨੂੰ ‘ਬੇਤੁਕਾ’ ਕਰਾਰ ਦਿੰਦਿਆਂ ਅੱਜ ਇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਸਰਹੱਦੀ ਸੂਬਾ ਭਾਰਤ ਦਾ ‘ਕੁਦਰਤੀ ਹਿੱਸਾ’ ਹੈ। ਅਰੁਣਾਚਲ ’ਤੇ ਚੀਨ ਵੱਲੋਂ ਵਾਰ-ਵਾਰ ਕੀਤੇ ਜਾਣ ਵਾਲੇ ਦਾਅਵੇ ਅਤੇ ਭਾਰਤੀ ਸਿਆਸੀ ਆਗੂਆਂ ਵੱਲੋਂ ਸੂਬੇ ਦੇ ਕੀਤੇ ਜਾਣ ਵਾਲੇ ਦੌਰਿਆਂ ਦਾ ਚੀਨ ਦੇ ਵਿਰੋਧ ਕਰਨ ’ਤੇ ਸ਼ਾਇਦ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਜੈਸ਼ੰਕਰ ਨੇ ਕਿਹਾ ਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਉਨ੍ਹਾਂ ਇੱਥੇ ਸਿੰਗਾਪੁਰ ਕੌਮੀ ਯੂਨੀਵਰਸਿਟੀ (ਐੱਨਯੂਐੱਸ) ਦੇ ਦੱਖਣੀ ਏਸ਼ਿਆਈ ਅਧਿਐਨ ਸੰਸਥਾ (ਆਈਐੱਸਏਐੱਸ) ਵਿੱਚ ਲੈਕਚਰ ਦੇਣ ਮਗਰੋਂ ਅਰੁਣਾਚਲ ਮੁੱਦੇ ’ਤੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਮੇਰਾ ਮਤਲਬ ਹੈ ਕਿ ਚੀਨ ਨੇ ਦਾਅਵਾ ਕੀਤਾ ਹੈ, ਇਸ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਹੈ। ਇਹ ਦਾਅਵੇ ਸ਼ੁਰੂ ਤੋਂ ਬੇਤੁਕੇ ਹਨ ਤੇ ਅੱਜ ਵੀ ਬੇਤੁਕੇ ਬਣੇ ਹੋਏ ਹਨ।’’ -ਪੀਟੀਆਈ