ਕੁਲਦੀਪ ਸਿੰਘ
ਨਵੀਂ ਦਿੱਲੀ, 24 ਮਾਰਚ
ਗਲੋਬਲ ਸੰਸਕ੍ਰਿਤ ਫੋਰਮ ਅਤੇ ਮਾਤਾ ਸੁੰਦਰੀ ਕਾਲਜ ਫਾਰ ਵਿਮੈਨ, ਨਵੀਂ ਦਿੱਲੀ ਦੇ ਸੰਸਕ੍ਰਿਤ ਵਿਭਾਗ ਦੇ ਸਾਂਝੇ ਯਤਨਾਂ ਰਾਹੀਂ ਪਹਿਲੀ ਵਾਰ ‘ਸੰਸਕ੍ਰਿਤ ਸਾਹਿਤ ਵਿਚ ਔਰਤਾਂ ਦਾ ਉਪਦੇਸ਼: ਅਨਸੁਣੀਆਂ ਗਾਥਾਵਾਂ’ ਵਿਸ਼ੇ ’ਤੇ ਕੌਮਾਂਤਰੀ ਕਾਨਫਰੰਸ ਕਰਵਾਈ ਗਈ। ਕਾਲਜ ਪ੍ਰਿ੍ਰੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਕਾਲਜ ਦੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਅਜੋਕੇ ਸਮਾਜ ਵਿਚ ਔਰਤਾਂ ਦੀ ਭੂਮਿਕਾ ਬਾਰੇ ਦੱਸਿਆ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਮੁੱਖ ਮਹਿਮਾਨ ਮੀਨਾਕਸ਼ੀ ਲੇਖੀ (ਮੰਤਰੀ, ਕੇਂਦਰੀ ਕਲਾ ਅਤੇ ਸੱਭਿਆਚਾਰ) ਨੇ ਕਿਹਾ ਕਿ ਦੇਸ਼ ਦੀ ਬੇਟੀ ਨੂੰ ‘ਸ਼ਾਸਤਰ ਅਤੇ ਸ਼ਸਤਰ’ ਦੋਹਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਰਤੀ ਸੱਭਿਆਚਾਰ ਦੀ ਆਰਾਧਿਕਾ ਡਾ. ਐਚ. ਲੂਸੀ. ਗੈਸਟ (ਇੰਗਲੈਂਡ) ਅਤੇ ਮਹੇਂਦਰ ਸਿੰਘ (ਅਮਰੀਕਾ) ਨੇ ਔਰਤ ਦੀ ਸਮਾਜਿਕ ਭੂਮਿਕਾ ਬਾਰੇ ਆਪੋ-ਆਪਣੇ ਵਿਚਾਰ ਰੱਖੇ। ਕਾਨਫਰੰਸ ਦੀ ਮੁੱਖ ਮਹਿਮਾਨ ਪ੍ਰੋ. ਸ਼ਸ਼ੀਪ੍ਰਭਾ ਕੁਮਾਰ (ਪ੍ਰਧਾਨ, ਭਾਰਤੀ ਉੱਨਤ ਸੰਸਥਾਨ ਅਧਿਐਨ, ਸ਼ਿਮਲਾ) ਨੇ ਵੈਦਿਕ ਮੰਤਰਾਂ ਦੇ ਆਧਾਰ ’ਤੇ ਸਿੱਖਿਅਤ ਅਤੇ ਸਸ਼ਕਤ ਔਰਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿਚ ਪ੍ਰਸਿੱਧ ਨਰਤਕੀ ਸੋਨਲ ਮਾਨ ਸਿੰਘ (ਮੈਂਬਰ, ਰਾਜਸਭਾ) ਨੇ ਮਹਾਭਾਰਤ ’ਚੋਂ ਦਰੋਪਦੀ ਦੇ ਪ੍ਰਸੰਗ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਹੀ ਦਿੱਲੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਮੁਖੀ ਪ੍ਰੋ. ਓਮ ਨਾਥ ਬਿਮਲੀ ਨੇ ਨਾਰੀ ਸਨਮਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਦੋ ਦਿਨਾਂ ਇਸ ਕਾਨਫਰੰਸ ਵਿੱਚ ਅਮਰੀਕਾ, ਕਜ਼ਾਕਿਸਤਾਨ, ਚੀਨ ਆਦਿ ਦੇਸ਼ਾਂ ਦੇ ਵਿਦਵਾਨਾਂ ਤੋਂ ਇਲਾਵਾ ਵੱਖ-ਵੱਖ ਸਿੱਖਿਆ ਅਦਾਰਿਆਂ ਦੇ ਵਾਈਸ ਚਾਂਸਲਰ, ਮੁਖੀ, ਪ੍ਰਿੰਸੀਪਲ ਅਤੇ ਹੋਰਨਾਂ ਵਿਦਵਾਨਾਂ ਨੇ ਵੀ ਹਿੱਸਾ ਲਿਆ। ਇਸ ਵਿਸ਼ੇਸ਼ ਮੌਕੇ ’ਤੇ ਕਾਲਜ ਦੇ ਆਈ.ਕਿਊ.ਏ.ਸੀ. ਦੇ ਡਾਇਰੈਕਟਰ ਡਾ. ਲੋਕੇਸ਼ ਕੁਮਾਰ ਗੁਪਤਾ, ਗਲੋਬਲ ਸੰਸਕ੍ਰਿਤ ਫੋਰਮ ਦੇ ਸਕੱਤਰ ਡਾ. ਰਾਜੇਸ਼ ਕੁਮਾਰ, ਕਨਵੀਨਰ ਡਾ. ਕਲਪਨਾ ਸ਼ਰਮਾ, ਡਾ. ਬਿੰਦੀਆ, ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਕੁਲਦੀਪ ਕੁਮਾਰ ਸਹਿਗਲ ਅਤੇ ਸਮੂਹ ਅਧਿਆਪਕਾਂ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਦੱਸਣਯੋਗ ਹੈ ਕਿ ਕਾਨਫਰੰਸ ਵਿੱਚ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ 120 ਖੋਜ ਪੱਤਰ ਪੜ੍ਹੇ ਗਏ।