ਨਵੀਂ ਦਿੱਲੀ, 26 ਮਾਰਚ
ਖੇਡ ਮੰਤਰਾਲੇ ਨੇ ਪਹਿਲਵਾਨ ਬਜਰੰਗ ਪੂਨੀਆ ਦੀ ਵਿੱਤੀ ਸਹਾਇਤਾ ਲਈ ਬੇਨਤੀ ਮਨਜ਼ੂਰ ਕਰਨ ਦੇ ਨਾਲ ਉਸ ਦੇ ਕੋਚ ਕਾਜ਼ੀ ਕਿਰਨ ਮੁਸਤਫ਼ਾ ਹਸਨ ਦਾ ਕਾਰਜਕਾਲ ਵੀ ਦੋ ਮਈ ਤੱਕ ਵਧਾ ਦਿੱਤਾ ਹੈ। ਹਾਲਾਂਕਿ ਉਹ ਇਸ ਸਾਲ ਪੈਰਿਸ ਓਲੰਪਿਕ ਦੀ ਦੌੜ ’ਚੋਂ ਬਾਹਰ ਹੋ ਗਿਆ ਸੀ। ਪੂਨੀਆ ਮਹਿਲਾ ਪਹਿਲਵਾਨਾਂ ਨਾਲ ਕਥਿਤ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਸੀ। ਉਹ ਹਾਲ ਹੀ ਵਿੱਚ ਕਰਵਾਏ ਟਰਾਇਲਾਂ ਵਿੱਚ 65 ਕਿਲੋ ਵਰਗ ਦੇ ਸਿਖਰਲੇ ਚਾਰ ਅਥਲੀਟਾਂ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹਿ ਗਿਆ ਸੀ। ਇਨ੍ਹਾਂ ਟਰਾਇਲਾਂ ਦੇ ਆਧਾਰ ’ਤੇ ਏਸ਼ਿਆਈ ਚੈਂਪੀਅਨਸ਼ਿਪ ਅਤੇ ਏਸ਼ਿਆਈ ਓਲੰਪਿਕ ਕੁਆਲੀਫਾਇਰਜ਼ ਲਈ ਟੀਮ ਦੀ ਚੋਣ ਕੀਤੀ ਗਈ ਸੀ। ਮੰਤਰਾਲੇ ਨੇ ਵਿੱਤੀ ਸਹਾਇਤਾ ਦਾ ਵੇਰਵਾ ਦਿੱਤੇ ਬਿਨਾਂ ਪ੍ਰੈੱਸ ਬਿਆਨ ਵਿੱਚ ਕਿਹਾ, ‘‘ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਪਹਿਲਵਾਨ ਬਜਰੰਗ ਪੂਨੀਆ ਦੀ ਵਿੱਤੀ ਸਹਾਇਤਾ ਦੇ ਨਾਲ ਉਸ ਦੇ ਕੋਚ ਕਾਜ਼ੀ ਕਿਰਨ ਮੁਸਤਫ਼ਾ ਹਸਨ ਦੀ ਸੇਵਾ ਵਿੱਚ ਮਈ 2024 ਦੇ ਅਖ਼ੀਰ ਤੱਕ ਦੇ ਵਾਧੇ ਦੀ ਤਜਵੀਜ਼ ਵੀ ਮਨਜ਼ੂਰ ਕਰ ਲਈ ਹੈ, ਜਦੋਂ ਪੈਰਿਸ ਓਲੰਪਿਕ ਲਈ ਆਖ਼ਰੀ ਟਰਾਇਲ ਹੋਵੇਗਾ।’’ -ਪੀਟੀਆਈ