ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 29 ਮਾਰਚ
ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਚੋਣ ਮੁਹਿੰਮ ਨੂੰ ਭਖਾਉਣ ਅਤੇ ਸਰਗਰਮੀਆਂ ਤੇਜ਼ ਕਰਨ ਸਬੰਧੀ ਹਲਕਾ ਤਲਵੰਡੀ ਸਾਬੋ ਦੇ ਪਾਰਟੀ ਵਰਕਰਾਂ ਨਾਲ ਵਾਲੰਟੀਅਰ ਮਿਲਣੀ ਕੀਤੀ। ਉਨ੍ਹਾਂ ਦੇ ਇੱਥੇ ਪੁੱਜਣ ’ਤੇ ਹਲਕਾ ਵਿਧਾਇਕਾ ਤੇ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਵਰਕਰਾਂ ਨੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਚੋਣ ਉਸ ਦੀ ਨਹੀਂ, ਸਮੁੱਚੇ ਲੋਕ ਸਭਾ ਹਲਕੇ ਦੇ ਵੋਟਰਾਂ ਅਤੇ ਪਾਰਟੀ ਵਰਕਰਾਂ ਦੀ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਪਿਤਾ ਸਵਰਗਵਾਸੀ ਜਗਦੇਵ ਸਿੰਘ ਖੁੱਡੀਆਂ ਦੇ ਪਾਏ ਪੂਰਨਿਆਂ ’ਤੇ ਚੱਲ ਰਿਹਾ ਹੈ। ਨਾ ਕਿ ਭ੍ਰਿਸ਼ਟਾਚਾਰ, ਬਦਲਾਖ਼ੋਰੀ, ਬੇਈਮਾਨੀ ਜਾਂ ਕਿਸੇ ਤਰ੍ਹਾਂ ਦੀ ਹੋਰ ਘਟੀਆ ਰਾਜਨੀਤੀ ਲੈ ਕੇ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ।ਹਰਸਿਮਰਤ ਕੌਰ ਬਾਦਲ ਪਿਛਲੇ ਪੰਦਰਾਂ ਸਾਲ ਤੋਂ ਕੇਂਦਰ ਸਰਕਾਰ ਵਿੱਚ ਰਹੇ ਪਰ ਉਨ੍ਹਾਂ ਕਦੇ ਵੀ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਗੱਲ ਨਹੀਂ ਕੀਤੀ। ਜੇਕਰ ਉਹ ਚਾਹੁੰਦੇ ਦਾ ਇਹ ਕੰਮ ਕਰ ਸਕਦੇ ਸਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਲੰਬੀ ਹਲਕੇ ਦੇ ਵੋਟਰਾਂ ਨੇ ਸਿਆਸਤ ਤਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਇਸੇ ਤਰ੍ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਉਨ੍ਹਾਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਹਰਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰ ਨੂੰ ਦਿੱਲੀ ਤੋਂ ਚੱਲਣ ਵਾਲੀ ਕਹਿਣ ਵਾਲੇ ਅਕਾਲੀ ਦਲ ਤੇ ਕਾਂਗਰਸ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀ।ਜਦ ਕਿ ਅਕਾਲੀ ਦਲ ਤਾਂ ਇੱਕ ਖੇਤਰੀ ਪਾਰਟੀ ਹੈ।ਉਨ੍ਹਾਂ ਵਰਕਰਾਂ ਨੂੰ ਚੋਣ ਸਰਗਰਮੀਆਂ ਤੇਜ਼ ਕਰਨ ਦੀ ਅਪੀਲ ਕੀਤੀ।