ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਾਰਚ
ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਪੁਲੀਸ ਦੇ ਗਜ਼ਟਿਡ ਅਫ਼ਸਰਾਂ, ਮੁੱਖ ਥਾਣਾ ਅਫ਼ਸਰਾਂ, ਇੰਚਾਰਜ ਪੁਲੀਸ ਪੋਸਟ ਅਤੇ ਸਪੈਸ਼ਲ ਯੁੂਨਿਟ ਨਾਲ ਬੈਠਕ ਕਰਕੇ ਲੋਕ ਸਭਾ ਚੋਣਾਂ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜੁਰਮ ਸਬੰਧੀ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਜ਼ਿਲ੍ਹੇ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਸਮੂਹ ਮੁੱਖ ਥਾਣਾ ਅਫ਼ਸਰ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਅਤੇ ਕਿਸੇ ਨੂੰ ਵੀ ਚੋਣਾਂ ਦੌਰਾਨ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਚੋਣਾਂ ਦੌਰਾਨ ਬੰਦੂਕ ਘਰਾਂ, ਗਿਣਤੀ ਕੇਂਦਰਾਂ, ਗੁਦਾਮਾਂ ਅਤੇ ਚੋਣ ਉਮੀਦਵਾਰਾਂ ਦੀ ਸੁਰੱਖਿਆ ਨੂੰ ਗਾਰਦ, ਗੰਨਮੈਨ ਅਤੇ ਸੀ.ਸੀ.ਟੀ.ਵੀ ਕੈਮਰੇ ਆਦਿ ਰਾਹੀਂ ਯਕੀਨੀ ਬਣਾਈ ਜਾਵੇ।