ਰਾਜਿੰਦਰ ਵਰਮਾ
ਭਦੌੜ, 29 ਮਾਰਚ
ਇੱਥੋਂ ਦੀ ਜੈਦ ਮਾਰਕੀਟ ’ਚੋਂ ਤਿੰਨ ਲੁਟੇਰੇ ਇੱਕ ਦੁਕਾਨਦਾਰ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਦੁਕਾਨਦਾਰ ਮੁਤਾਬਕ ਬੈਗ ਵਿੱਚ ਇੱਕ ਲੱਖ ਰੁਪਏ ਸਨ। ਕਸਬੇ ਦੇ ਭੀੜ ਵਾਲੇ ਇਲਾਕੇ ਵਿੱਚ ਵਾਪਰੀ ਘਟਨਾ ਕਾਰਨ ਲੋਕਾਂ ਵਿੱਚ ਸਹਿਮ ਹੈ। ਜਾਣਕਾਰੀ ਅਨੁਸਾਰ ਦੁਕਾਨਦਾਰ ਵਿਨੋਦ ਕੁਮਾਰ ਚਾਨੂੰ ਬਾਜਾਖਾਨਾ ਰੋਡ ’ਤੇ ਨਿਊ ਅੱਗਰਵਾਲ ਆਇਰਨ ਸਟੋਰ ਚਲਾਉਂਦਾ ਹੈ। ਲੰਘੀ ਸ਼ਾਮ ਸਾਢੇ ਸੱਤ ਵਜੇ ਉਹ ਦੁਕਾਨ ਬੰਦ ਕਰਕੇ ਐਕਟਿਵਾ ’ਤੇ ਘਰ ਜਾ ਰਿਹਾ ਸੀ ਕਿ ਜਦੋਂ ਉਹ ਆਪਣੇ ਘਰ ਕੋਲ ਜੈਦ ਮਾਰਕੀਟ ਪੁੱਜਾ ਤਾਂ ਅੱਗੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਤੇ ਉਸ ਦੀ ਸਕੂਟਰੀ ’ਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਸਕੂਟਰੀ ਸਮੇਤ ਡਿੱਗ ਪਿਆ ਤੇ ਲੁਟੇਰੇ ਉਸ ਦਾ ਬੈਗ ਖੋਹ ਕੇ ਭੱਜ ਗਏ। ਥਾਣਾ ਮੁਖੀ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਲੁਟੇਰੇ ਪੁਲੀਸ ਦੀ ਗ੍ਰਿਫ਼ਤ ’ਚ ਹੋਣਗੇ।