ਪੱਤਰ ਪ੍ਰੇਰਕ
ਸ਼ਾਹਕੋਟ, 29 ਮਾਰਚ
ਲੋਹੀਆਂ ਖਾਸ ’ਚ ਚਾਰ ਦਿਨਾਂ ’ਚ ਹੋਈਆਂ ਚਾਰ ਚੋਰੀਆਂ ਨੇ ਕਸਬਾ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਹੀਆਂ ਖਾਸ ਦੀ ਪੁਲੀਸ ਦੁਕਾਨਦਾਰਾਂ ਨੂੰ ਚੌਕੀਦਾਰਾਂ ਵਿੱਚ ਵਾਧਾ ਕਰਨ ਲਈ ਕਹਿ ਰਹੀ ਹੈ। ਲੋਹੀਆਂ-ਮਲਸੀਆਂ ਸੜਕ ’ਤੇ ਸਥਿਤ ਮਨੀਗ੍ਰਾਮ ਤੇ ਇਮੀਗ੍ਰੇਸ਼ਨ ਦੁਕਾਨ ਦੇ ਮਾਲਕ ਅਰੁਨ ਕੁਮਾਰ ਬਾਂਸਲ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਨ੍ਹਾਂ ਦੀ ਦੁਕਾਨ ਦਾ ਜਿੰਦਾ ਭੰਨ ਕੇ ਦੁਕਾਨ ਦੇ ਗੱਲੇ ਵਿੱਚੋਂ 1,000 ਰੁਪਏ ਚੋਰੀ ਕਰ ਕੇ ਲੈ ਗਏ। ਸਾਹਿਬ ਇੰਟਰਪ੍ਰਾਈਜ਼ ਦੇ ਮਾਲਕ ਬਿੱਕਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦੇ ਜਿੰਦੇ ਭੰਨਣ ਦੀ ਕੋਸ਼ਿਸ਼ ਕੀਤੀ ਪਰ ਚੋਰ ਉਨ੍ਹਾਂ ਦੇ ਸੀਸੀਟੀਵੀ ਕੈਮਰੇ ਲਾਹ ਕੇ ਲੈ ਗਏ। ਇਸੇ ਤਰ੍ਹਾਂ ਮੰਗਲਵਾਰ ਦੀ ਰਾਤ ਨੂੰ ਲੋਹੀਆਂ ਖਾਸ ਦੇ ਟੀ-ਪੁਆਇੰਟ ਉੱਪਰ ਇਕ ਕਰਿਆਨੇ ਦੀ ਦੁਕਾਨ ’ਚੋ 10,000 ਰੁਪਏ ਦੀ ਨਕਦੀ ਅਤੇ ਕਰਿਆਨੇ ਦਾ ਸਾਮਾਨ ਚੋਰੀ ਹੋ ਗਿਆ ਸੀ। ਕੁਝ ਦਿਨ ਪਹਿਲਾ ਹਥਿਾਰਬੰਦ ਲੁਟੇਰਿਆਂ ਨੇ ਇਕ ਘਰ ਵਿਚੋਂ ਤਿੰਨ ਲੱਖ ਰੁਪਏ ਲੁੱਟ ਲਏ ਸਨ। ਇਨ੍ਹਾਂ ਹੋਈਆਂ ਚੋਰੀਆਂ ਬਾਰੇ ਪੁਲੀਸ ਅਜੇ ਤੱਕ ਕੋਈ ਸੁਰਾਗ ਨਹੀ ਲਗਾ ਸਕੀ। ਲੋਹੀਆਂ ਖਾਸ ਦੇ ਥਾਣਾ ਮੁਖੀ ਬਖਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਇੰਨੇ ਵੱਡੇ ਬਾਜ਼ਾਰ ਵਿੱਚ ਇਕ ਚੌਕੀਦਾਰ ਦੁਕਾਨਾਂ ਦੀ ਰਾਖੀ ਨਹੀਂ ਕਰ ਸਕਦਾ। ਦੁਕਾਨਾਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਚੌਕੀਦਾਰਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ।