ਪੱਤਰ ਪ੍ਰੇਰਕ
ਗੜ੍ਹਸ਼ੰਕਰ, 29 ਮਾਰਚ
ਜੰਗਲਾਤ ਵਿਭਾਗ ਅਧੀਨ ਸ਼ਿਵਾਲਿਕ ਪਹਾੜਾਂ ਨੇੜੇ ਜੰਗਲ ਵਿੱਚ ਕੰਮ ਕਰਦੇ ਮਨਰੇਗਾ ਵਰਕਰ ਪਿਛਲੇ ਚਾਰ ਮਹੀਨਿਆਂ ਤੋਂ ਮਿਹਨਤਾਨਾ ਨਾ ਮਿਲਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਇਨ੍ਹਾਂ ਮਨਰੇਗਾ ਮਜ਼ਦੂਰਾਂ ਵਿੱਚ ਜ਼ਿਆਦਾਤਰ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਸ਼ਾਮਲ ਹਨ।
ਅੱਜ ਪਿੰਡ ਰਾਮਪੁਰ ਵਿੱਚ ਇਲਾਕੇ ਦੇ ਚਾਰ ਪਿੰਡਾਂ ਦੇ ਮਨਰੇਗਾ ਵਰਕਰਾਂ ਦਾ ਇਕ ਇਕੱਠ ਹੋਇਆ, ਜਿਸ ਮੌਕੇ ਵਰਕਰਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਜੰਗਲਾਤ ਵਿਭਾਗ ਅਧੀਨ ਖੇਤਰ ਦੇ ਨੀਮ ਪਹਾੜੀ ਤੇ ਜੰਗਲੀ ਇਲਾਕੇ ਵਿੱਚ ਜੰਗਲ ਨੂੰ ਸਾਫ ਕਰਨ, ਨਵੇਂ ਪੌਦੇ ਲਾਉਣ, ਰਸਤਿਆਂ ਦੀ ਸਫਾਈ ਅਤੇ ਹੋਰ ਸਬੰਧਤ ਕੰਮਾਂ ਵਿੱਚ ਲੱਗੇ ਹੋਏ ਹਨ ਪਰ ਪਿਛਲੇ ਚਾਰ ਮਹੀਨਿਆਂ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵੱਲੋਂ ਉਨ੍ਹਾਂ ਦਾ ਮਿਹਨਤਾਨਾ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਰ ਕੇ ਅਨੇਕਾਂ ਮਨਰੇਗਾ ਵਰਕਰ ਕੰਮ ਛੱਡਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ 300 ਰੁਪਏ ਦੀ ਦਿਹਾੜੀ ਲਈ ਉਨ੍ਹਾਂ ਨੂੰ ਪਿੰਡ ਰਾਮਪੁਰ, ਬਿਲੜੋ ਸਤਨੌਰ, ਪੱਖੋਵਾਲ ਅਤੇ ਹੋਰ ਪਿੰਡਾਂ ਤੋਂ ਕਿਰਾਏ ਦੇ ਵਾਹਨ ਲੈ ਕੇ ਜੰਗਲ ਵੱਲ ਜਾਣਾ ਪੈਂਦਾ ਹੈ ਅਤੇ ਇਨ੍ਹਾਂ ਵਾਹਨਾਂ ਦਾ ਕਿਰਾਇਆ ਵੀ ਉਹ ਪੱਲਿਓਂ ਦੇ ਰਹੇ ਹਨ ਪਰ ਉਨ੍ਹਾਂ ਨੂੰ ਮਿਹਨਤਾਨਾ ਨਾ ਮਿਲਣ ਕਰ ਕੇ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾਉਣੀ ਵੀ ਮੁਸ਼ਕਿਲ ਹੋ ਗਈ ਹੈ। ਇਸ ਸਬੰਧੀ ਕੰਢੀ ਸੰਘਰਸ਼ ਕਮੇਟੀ ਦੇ ਅਹੁਦੇਦਾਰ ਦਰਸ਼ਨ ਸਿੰਘ ਮੱਟੂ ਨੇ ਕਿਹਾ ਜੰਗਲ ਵਿੱਚ ਸਾਫ-ਸਫ਼ਾਈ, ਪੌਦੇ ਲਗਾਉਣ ਅਤੇ ਹੋਰ ਕਈ ਜੋਖ਼ਮ ਭਰੇ ਕੰਮ ਮਨਰੇਗਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਹਨ। ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੀਰੂ ਬਾਲਾ ਨੇ ਕਿਹਾ ਕਿ ਫੰਡ ਰੁਕਣ ਕਾਰਨ ਕਈ ਵਾਰ ਮਿਹਨਤਾਨਾ ਜਾਰੀ ਨਹੀਂ ਹੁੰਦਾ ਅਤੇ ਜਲਦ ਹੀ ਇਸ ਸਬੰਧੀ ਕਾਰਵਾਈ ਕੀਤੀ ਜਾਵੇ।