ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਵਿੱਚ ਸਾਲ 2024-25 ਲਈ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ ਜੋ ਪਿਛਲੇ ਸਾਲ ਨਾਲੋਂ 14 ਫੀਸਦੀ ਵੱਧ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਏ ਇਸ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਬਜਟ ਪੇਸ਼ ਕੀਤਾ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੌਜੂਦ ਸਨ। ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ ਨੇ ਬਜਟ ਪੇਸ਼ ਕੀਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਇਸ ਵਾਰ ਪਿਛਲੇ ਬਜਟ ਨਾਲੋਂ 14 ਫੀਸਦੀ ਵਾਧਾ ਕੀਤਾ ਗਿਆ ਹੈ। ਅਗਲੇ ਵਿੱਤੀ ਵਰ੍ਹੇ ਦੌਰਾਨ ਧਰਮ ਪ੍ਰਚਾਰ, ਵਿੱਦਿਆ ਅਤੇ ਪੰਥਕ ਕਾਰਜਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਵਾਰ ਧਰਮ ਪ੍ਰਚਾਰ ਕਮੇਟੀ ਦਾ ਬਜਟ 100 ਕਰੋੜ ਰੁਪਏ ਦਾ ਹੈ। ਧਰਮ ਪ੍ਰਚਾਰ ਕਮੇਟੀ ਰਾਹੀਂ ਕੀਤੇ ਜਾਣ ਵਾਲੇ ਕਾਰਜਾਂ ਲਈ ਰੱਖੀ ਰਾਸ਼ੀ ਦੇ ਵੇਰਵੇ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਗੁਰੂ ਅਮਰਦਾਸ ਦੇ 450 ਸਾਲਾ ਜੋਤੀ ਜੋਤਿ ਦਿਵਸ ਦੀ ਸਤੰਬਰ ਮਹੀਨੇ ਵਿਚ ਆ ਰਹੀ ਸ਼ਤਾਬਦੀ ਮਨਾਉਣ ਲਈ 3 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਇਸ ਵਾਰ ਗੁਰਦੁਆਰਿਆਂ ਦਾ ਬਜਟ 994 ਕਰੋੜ 51 ਲੱਖ ਰੁਪਏ ਹੈ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਦਾ ਬਜਟ 251 ਕਰੋੜ, ਪ੍ਰਿੰਟਿੰਗ ਪ੍ਰੈੱਸਾਂ ਦਾ ਬਜਟ 7 ਕਰੋੜ 94 ਲੱਖ ਰੁਪਏ ਪਾਸ ਕੀਤਾ ਗਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਇਸ ਵਾਰ ਦੇ ਬਜਟ ਵਿਚ ਵਿਦਿਅਕ ਅਦਾਰਿਆਂ ਦੇ ਸਟਾਫ਼ ਦੀਆਂ ਬਕਾਇਆ ਤਨਖ਼ਾਹਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿਦਿਅਕ ਫੰਡ, ਸਪੋਰਟਸ ਫੰਡ ਆਦਿ ਲਈ ਆਪਣੀ ਆਮਦਨ ਭਾਵੇਂ ਘੱਟ ਹੈ ਪਰ ਇਨ੍ਹਾਂ ਲਈ ਗੁਰਦੁਆਰਿਆਂ ਤੋਂ ਦਸਵੰਧ ਅਤੇ ਲੋੜੀਂਦੇ ਫੰਡ ਲਏ ਜਾਂਦੇ ਹਨ। ਇਸ ਵਾਰ ਇਨ੍ਹਾਂ ਫੰਡਾਂ ਰਾਹੀਂ ਪੰਥਕ ਕਾਰਜਾਂ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ, ਜਿਨ੍ਹਾਂ ਵਿਚ ਬੰਦੀ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ, ਬੰਦੀ ਸਿੰਘਾਂ ਨੂੰ ਮਾਸਿਕ ਸਨਮਾਨ ਭੱਤੇ ਲਈ 40 ਲੱਖ ਰੁਪਏ, ਧਰਮੀ ਫ਼ੌਜੀਆਂ ਲਈ 40 ਲੱਖ ਰੁਪਏ, ਸਿਕਲੀਗਰ ਤੇ ਵਣਜਾਰੇ ਸਿੱਖਾਂ ਲਈ 60 ਲੱਖ ਰੁਪਏ, ਗਰੀਬ ਵਿਦਿਆਰਥੀਆਂ ਲਈ 50 ਲੱਖ, ਕੁਦਰਤੀ ਆਫ਼ਤਾਂ ਲਈ 1 ਕਰੋੜ 48 ਲੱਖ, ਖੇਡਾਂ ਲਈ 3 ਕਰੋੜ 6 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਲਈ 1 ਕਰੋੜ 5 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਥਿਤ ਸ਼ਾਹਬਾਦ ਮਾਰਕੰਡਾ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਤ ਕੀਤੇ ਗਏ ਮੀਰੀ ਪੀਰੀ ਮੈਡੀਕਲ ਕਾਲਜ ਲਈ ਵੀ 8 ਕਰੋੜ ਰੁਪਏ ਰੱਖੇ ਗਏ ਹਨ। ਭਾਵੇਂ ਇਸ ਮੈਡੀਕਲ ਕਾਲਜ ਨੂੰ ਮੁਕੰਮਲ ਰੂਪ ਵਿੱਚ ਆਰੰਭਣ ਨੂੰ ਕਈ ਮੁਸ਼ਕਲਾਂ ਦਰਪੇਸ਼ ਰਹੀਆਂ ਹਨ ਪਰ ਆਸ ਹੈ ਕਿ ਇਹ ਅਗਲੇ ਸਾਲ ਤੋਂ ਬਕਾਇਦਾ ਸ਼ੁਰੂ ਕੀਤਾ ਜਾ ਸਕੇਗਾ। ਐਡਵੋਕੇਟ ਧਾਮੀ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਦੇ ਮੁਕਾਬਲੇ ਇਕ ਫੀਸਦੀ ਤੋਂ ਘੱਟ ਹੈ ਜਦਕਿ ਕੁਝ ਲੋਕਾਂ ਵੱਲੋਂ ਜਾਣਬੁਝ ਕੇ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਤੋਂ ਵੱਧ ਹੈ।
ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਤੇ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੇ ਹਨੀਪ੍ਰੀਤ ਦੀ ਗ੍ਰਿਫ਼ਤਾਰੀ ਦੀ ਮੰਗ, ਸਿੱਖ ਗੁਰਧਾਮਾਂ ਦੇ ਪ੍ਰਬੰਧਾਂ ’ਚ ਸਰਕਾਰੀ ਦਖ਼ਲਅੰਦਾਜ਼ੀ ਦਾ ਵਿਰੋਧ ਸਣੇ ਪਾਕਿਸਤਾਨ ਅੰਦਰ ਸਿੱਖ ਵਿਰਾਸਤਾਂ ਦੀ ਸੰਭਾਲ ਵੱਲ ਧਿਆਨ ਦੇਣ ਆਦਿ ਦੇ ਮਤੇ ਸ਼ਾਮਲ ਹਨ। ਬੰਦੀ ਸਿੰਘਾਂ ਸਬੰਧੀ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਸੁਹਿਰਦ ਨਹੀਂ ਹਨ ਤੇ ਆਪਣੇ ਹੀ ਦੇਸ਼ ਅੰਦਰ ਸਿੱਖਾਂ ਨਾਲ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਦੇਸ਼ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਦੀ ਵੀ ਇਕ ਮਤੇ ਰਾਹੀਂ ਹਮਾਇਤ ਕੀਤੀ ਗਈ।