ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਅਸਲ ਜੀਵਨ ’ਤੇ ਬਣਾਈ ਗਈ ਹਿੰਦੀ ਫਿਲਮ ‘ਅਮਰ ਸਿੰਘ ਚਮਕੀਲਾ’ ਜਲਦੀ ਹੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ। ਬੌਲੀਵੁੱਡ ਦੇ ਉੱਘੇ ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫ਼ੀ ਚਰਚਾ ਵਿੱਚ ਆ ਗਈ ਹੈ। ਇਸ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਬੌਲੀਵੁੱਡ ਅਭਿਨੇਤਰੀ ਪਰਿਨੀਤੀ ਚੋਪੜਾ ਕ੍ਰਮਵਾਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ 12 ਅਪਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ ਜਿਸ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ।
ਫਿਲਮ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਕਿਵੇਂ ਚਮਕੀਲੇ ਨੇ ਗਰੀਬੀ ਵਿੱਚੋਂ ਉੱਭਰ ਕੇ ਆਪਣਾ ਨਾਮ ਬਣਾਇਆ ਅਤੇ ਫਿਰ ਕਿਵੇਂ ਉਸ ਨੂੰ ਮਾਰ ਦਿੱਤਾ ਗਿਆ। ਫਿਲਮ ਦੇ ਕਈ ਗੀਤ ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਨੇ ਗਾਏ ਹਨ। ਇਹ ਪਹਿਲੀ ਵਾਰ ਹੈ ਕਿ ਇਸ ਫਿਲਮ ਵਿੱਚ ਕਈ ਥਾਵਾਂ ’ਤੇ ਲਾਈਵ ਰਿਕਾਰਡਿੰਗ ਵੀ ਦੇਖਣ ਨੂੰ ਮਿਲਣ ਵਾਲੀ ਹੈ।
ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੇ ਦੱਸਿਆ ਕਿ ਇਸ ਫਿਲਮ ਲਈ ਦਿਲਜੀਤ ਦੋਸਾਂਝ ਅਤੇ ਪਰਿਨੀਤੀ ਚੋਪੜਾ ਨੂੰ ਹੀ ਕਿਉਂ ਚੁਣਿਆ ਗਿਆ। ਉਸ ਨੇ ਦੱਸਿਆ ਕਿ ‘ਇਸ ਫਿਲਮ ਲਈ ਉਨ੍ਹਾਂ ਅਦਾਕਾਰਾਂ ਨੂੰ ਲੈਣਾ ਜ਼ਰੂਰੀ ਸੀ ਜੋ ਅਦਾਕਾਰ ਦੇ ਨਾਲ ਨਾਲ ਗਾਇਕ ਵੀ ਹੋਣ। ਉਨ੍ਹਾਂ ਲਈ ਲਾਈਵ ਗਾਉਣਾ ਜ਼ਰੂਰੀ ਸੀ। ਉਸ ਦੇ ਬਿਨਾਂ ਇਹ ਫਿਲਮ ਸੰਭਵ ਨਹੀਂ ਸੀ। ਦਿਲਜੀਤ ਕੋਲ ਇਸ ਤਰ੍ਹਾਂ ਦਾ ਤਜਰਬਾ ਪਹਿਲਾਂ ਹੀ ਹੈ, ਜਦੋਂਕਿ ਪਰਿਨੀਤੀ ਵਧੀਆ ਗਾ ਲੈਂਦੀ ਹੈ, ਪਰ ਉਸ ਕੋਲ ਲਾਈਵ ਗਾਉਣ ਦਾ ਤਜਰਬਾ ਨਹੀਂ ਸੀ, ਇਸ ਲਈ ਉਸ ਨੂੰ ਜ਼ਿਆਦਾ ਟਰੇਨਿੰਗ ਦਿੱਤੀ ਗਈ ਹੈ। ਫਿਲਮ ਦੇ ਕਾਫ਼ੀ ਗੀਤ ਇਨ੍ਹਾਂ ਦੋਵਾਂ ਨੇ ਹੀ ਗਾਏ ਹਨ ਅਤੇ ਉਹ ਵੀ ਲਾਈਵ ਗਾ ਕੇ ਰਿਕਾਰਡ ਕੀਤੇ ਹਨ।’
ਸਿਰਫ਼ ਸਤਾਈ ਸਾਲ ਜ਼ਿੰਦਗੀ ਜਿਊਣ ਵਾਲੇ ਅਮਰ ਸਿੰਘ ਚਮਕੀਲੇ ਨੂੰ ਉਮਰ ਤੋਂ ਲੰਬੀ ਸ਼ੁਹਰਤ ਮਿਲੀ, ਜਿਸ ਸਦਕਾ ਉਸ ਦੇ ਗੀਤ ਅੱਜ ਵੀ ਅਮਰ ਹਨ। ਉਸ ’ਤੇ ਲੱਚਰ ਗੀਤ ਗਾਉਣ ਦੇ ਦੋਸ਼ ਲੱਗੇ, ਪਰ ਇਸ ਦੇ ਨਾਲ ਹੀ ਉਸ ਨੇ ਧਾਰਮਿਕ ਗੀਤ ਵੀ ਗਾਏ ਜਿਨ੍ਹਾਂ ਨੂੰ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁੱਗਰੀ ਵਿੱਚ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਚਮਕੀਲਾ ਸਿਰਫ਼ ਛੇ ਕਲਾਸਾਂ ਤੱਕ ਹੀ ਪੜ੍ਹ ਸਕਿਆ। ਉਸ ਦਾ ਮੁੱਢਲਾ ਜੀਵਨ ਫੈਕਟਰੀਆਂ ’ਚ ਮਿਹਨਤ ਮਜ਼ਦੂਰੀ ਕਰਦਿਆਂ ਗੁਜ਼ਰਿਆ। ਮਿਹਨਤ ਮਜ਼ਦੂਰੀ ਕਰਦਿਆਂ ਉਸ ਦੇ ਮਨ ਵਿੱਚ ਲੱਗੀ ਸੰਗੀਤ ਦੀ ਚਿਣਗ ਸੀਨੇ ਵਿੱਚ ਬਰਾਬਰ ਧੁਖਦੀ ਰਹੀ ਤੇ ਇਹ ਚਿਣਗ ਉਸ ਨੂੰ ਉਸ ਸਮੇਂ ਦੇ ਚੋਟੀ ਦੇ ਗਾਇਕ ਸੁਰਿੰਦਰ ਸ਼ਿੰਦੇ ਦੇ ਦਰ ਤੱਕ ਲੈ ਗਈ। ਬਸ ਫਿਰ ਕੀ ਸੀ ਸੁਰਿੰਦਰ ਸ਼ਿੰਦੇ ਦੀ ਪਾਰਖੂ ਅੱਖ ਨੇ ਚਮਕੀਲੇ ਨੂੰ ਸੰਗੀਤ ਦਾ ਅਜਿਹਾ ਰਸਤਾ ਦਿਖਾਇਆ ਕਿ ਚਮਕੀਲਾ ਅਮਰ ਗਾਇਕ ਹੋ ਨਿੱਬੜਿਆ। ਫਿਰ ਉਸ ਨੇ ਅਮਰਜੋਤ ਕੌਰ ਨਾਲ ਜੋੜੀ ਬਣਾਈ ਅਤੇ ਉਸ ਨਾਲ ਦੂਜਾ ਵਿਆਹ ਵੀ ਕਰਵਾਇਆ। ਇੱਕ ਪ੍ਰੋਗਰਾਮ ਦੌਰਾਨ ਇਨ੍ਹਾਂ ਦੋਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
-ਪੰਜਾਬੀ ਟ੍ਰਿਬਿਊਨ ਫੀਚਰ