ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਾਰਚ
ਇੱਥੋਂ ਦੇ ਸ਼ਾਹਪੁਰ ਲਾਈਟ ਪੁਆਇੰਟ ਦੇ ਨਜ਼ਦੀਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਕਰਕੇ ਐਕਟਿਵਾ ਸਵਾਰ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕਾ ਸੈਕਟਰ-38 ਵੈਸਟ ਵਿੱਚ ਰਹਿਣ ਵਾਲੀ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਮਲੋਆ ਦੀ ਪੁਲੀਸ ਨੇ ਕਾਰ ਚਾਲਕ ਰਵੀ ਮੁਹੰਮਦ ਵਾਸੀ ਮਲੋਆ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਕੇਸ ਰਾਜਾ ਰਸੀਜਾ ਵਾਸੀ ਸੈਕਟਰ-38 ਵੈਸਟ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਕ ਔਰਤ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੀ ਸੀ, ਜਦੋਂ ਇਕ ਸ਼ਾਹਪੁਰ ਲਾਈਟ ਪੁਆਇੰਟ ’ਤੇ ਪਹੁੰਚੀ ਤਾਂ ਤੇਜ਼ ਰਫ਼ਤਾਰ ਟਕੱਰ ਚਾਲਕ ਨੇ ਐਕਟਿਵਾ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਐਕਟਿਵਾ ਸਵਾਰ ਮਹਿਲਾ ਦੇ ਕਾਫੀ ਸੱਟਾਂ ਵਜੀਆਂ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ। ਪੀਜੀਆਈ ਵਿੱਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਹੈ। ਥਾਣਾ ਮਲੋਆ ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਥੋਂ ਦੇ ਸੈਕਟਰ-38 ਵਿੱਚ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਰਕੇ ਐਕਟਿਵਾ ਸਵਾਰ ਦੇ ਸੱਟਾਂ ਵੱਜੀਆਂ, ਜਿਸ ਨੂੰ ਇਲਾਜ ਲਈ ਸੈਕਟਰ-32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣਾ ਰਾਜਾ ਰਾਮ ਵਾਸੀ ਸੈਕਟਰ-56 ਵਜੋਂ ਹੋਈ ਹੈ। ਇਸ ਸਬੰਧੀ ਪੀੜਤ ਰਾਜਾ ਰਾਮ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਦੇ ਐਕਟਿਵਾ ਵਿੱਚ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਕਰਕੇ ਉਸ ਦੇ ਕਾਫੀ ਸੱਟਾਂ ਵਜੀਆਂ ਹਨ। ਥਾਣਾ ਮਲੋਆ ਦੀ ਪੁਲੀਸ ਨੇ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।