ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 31 ਮਾਰਚ
ਪੰਜਾਬੀ ਭਾਸ਼ਾ ਲਾਗੂ ਕਰਨ ਅਤੇ ਲੱਚਰਤਾ ਖ਼ਿਲਾਫ਼ ਝੰਡਾ ਬਰਦਾਰ ਕਰਨਾਟਕ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਅੱਜ ਸਥਾਨਕ ਸ਼ਹਿਰ ਦੇ ਟਿੱਬੀ ਰਵਿਦਾਸਪੁਰਾ ’ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮ੍ਰਿਤਕਾਂ ਦੇ ਪਰਿਵਾਰਕ ਜੀਆਂ ਨਾਲ ਦੁੱਖ ਵੰਡਾਉਂਦਿਆਂ ਧਰੇਨਵਰ ਨੇ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਨ ਹੀ ਇਹੋ ਜਿਹਾ ਦੁਖਾਂਤ ਵਾਪਰਿਆ ਹੈ।
ਉਨ੍ਹਾਂ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖਦਿਆਂ ਮੰਗ ਰੱਖੀ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਜ਼ਹਿਰੀਲੀ ਸ਼ਰਾਬ ਦੇ ਉਤਪਾਦਨ ਉੱਤੇ ਫੌਰੀ ਰੋਕ ਲਾਈ ਜਾਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਸਾਰ ਲਵੇ ਅਤੇ ਯੋਗ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ। ਇਸ ਦੇ ਨਾਲ ਹੀ ਉਨ੍ਹਾਂ ਹੱਥ ਵਿੱਚ ‘ਜ਼ਹਿਰੀਲੀ ਸ਼ਰਾਬ ਬੰਦ ਕਰੋ’ ਦਾ ਬੋਰਡ ਫੜ ਕੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ।