ਜਗਤਾਰ ਸਮਾਲਸਰ
ਏਲਨਾਬਾਦ, 31 ਮਾਰਚ
ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਮਨਾਏ ਜਾ ਰਹੇ 12ਵੇਂ ਤਿੰਨ ਰੋਜ਼ਾ ਹੋਲੇ ਮਹੱਲੇ ਦੇ ਸਮਾਗਮ ਅੱਜ ਸਮਾਪਤ ਹੋ ਗਏ। ਤਿੰਨ ਦਿਨਾਂ ਸਮਾਗਮਾਂ ਦੌਰਾਨ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੇਵਾ ਕੀਤੀ। ਅੱਜ ਸਵੇਰੇ ਗੁਰਦੁਆਰਾ ਸਾਹਿਬ ਵਿਖੇ 117 ਸਾਧਾਰਨ ਪਾਠਾਂ ਅਤੇ ਇੱਕ ਦਸਮ ਗ੍ਰੰਥ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਸਤਿਗੁਰੂ ਰਾਮ ਸਿੰਘ ਜੀ ਦੀ ਮਰਿਯਾਦਾ ਅਨੁਸਾਰ ਅਤੇ ਨਾਮਧਾਰੀ ਵਿਧੀ ਰਾਹੀਂ ਦੋ ਆਨੰਦ ਕਾਰਜ ਵੀ ਕੀਤੇ ਗਏ। ਸਮਾਪਤੀ ਸਮਾਗਮ ਦੌਰਾਨ ਵਿਦੇਸ਼ ਤੋਂ ਲਾਈਵ ਪ੍ਰਸਾਰਨ ਰਾਹੀਂ ਸਤਿਗੁਰੂ ਦਲੀਪ ਸਿੰਘ ਜੀ ਨੇ ਸੰਗਤਾਂ ਨੂੰ ਆਖਿਆ ਕਿ ਮਨੁੱਖ ਦੀਆਂ ਇੱਛਾਵਾਂ ਵਧਣ ਅਤੇ ਗਲਤ ਖਾਣ-ਪੀਣ ਕਾਰਨ ਅਸੀਂ ਮਾਨਸਿਕ ਅਤੇ ਸਰੀਰਕ ਕਸ਼ਟ ਦੇ ਸ਼ਿਕਾਰ ਹੋ ਰਹੇ ਹਾਂ। ਇਸ ਲਈ ਆਪਣੀਆਂ ਇੱਛਾਵਾਂ ਨੂੰ ਸੀਮਤ ਰੱਖਣਾ ਅਤਿ-ਜ਼ਰੂਰੀ ਹੈ। ਉਨ੍ਹਾਂ ਕੁਦਰਤੀ ਇਲਾਜ ਪ੍ਰਣਾਲੀ ਨੂੰ ਅਪਣਾਉਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਆਖਿਆ ਕਿ ਦੁੱਖ-ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਇਸ ਲਈ ਮਾੜੇ ਸਮੇਂ ਦੌਰਾਨ ਮਨੁੱਖ ਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਮਾਜਿਕ ਕੰਮਾਂ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦਾ ਉਪਦੇਸ਼ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਆਸਾ ਦੀ ਵਾਰ ਦੇ ਪਾਠ ਨਾਲ ਹੋਈ ਜਿਸ ਤੋਂ ਬਾਅਦ ਰਾਗੀ-ਢਾਡੀ ਸਿੰਘਾਂ ਅਤੇ ਕਵੀਸ਼ਰੀ ਜਥਿਆਂ ਵੱਲੋਂ ਦੀਵਾਨ ਸਜਾਏ ਗਏ। ਮੰਚ ਸੰਚਾਲਨ ਰਣਬੀਰ ਸਿੰਘ ਬਾਜਵਾ ਨੇ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਜਸਪਾਲ ਸਿੰਘ, ਸੂਬਾ ਬਲਜੀਤ ਸਿੰਘ, ਸਰਪੰਚ ਸਵਿੰਦਰ ਭੱਲਾ, ਜਸਵੀਰ ਸਿੰਘ ਠੇਕੇਦਾਰ, ਅਜਮੇਰ ਸਿੰਘ,ਗੁਰਦੇਵ ਸਿੰਘ, ਜਸਵੀਰ ਕੌਰ, ਦਲਜੀਤ ਕੌਰ, ਰਾਜਬੀਰ ਕੌਰ, ਰਣਜੀਤ ਕੌਰ ਸਮੇਤ ਸੰਗਤ ਹਾਜ਼ਰ ਸੀ।