ਨਿੱਜੀ ਪੱਤਰ ਪ੍ਰੇਰਕ
ਸਿਰਸਾ, 31 ਮਾਰਚ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਪ੍ਰਕਾਸ਼ ਸਿੰਘ ਸਹੂਵਾਲਾ ਅਤੇ ਮਲਕ ਸਿੰਘ ਕੰਗ ਭਾਵਦੀਨ ਵੱਲੋਂ ਲੋੜਵੰਦਾਂ ਦੀ ਆਰਥਿਕ ਮਦਦ ਕੀਤੀ ਗਈ। ਇਸ ਮੌਕੇ ਪ੍ਰਕਾਸ਼ ਸਿੰਘ ਸਾਹੂਵਾਲਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਹਮੇਸ਼ਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵਦੀਨ ਵਾਸੀ ਮਹਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੂੰ ਕੈਂਸਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿਰਸਾ ਵਾਸੀ ਜਗਦੀਸ਼ ਰਾਏ ਦੀ ਪਤਨੀ ਨਿਰਮਲਾ ਦੇਵੀ ਨੂੰ ਇਲਾਜ ਲਈ 20 ਹਜ਼ਾਰ, ਹਾਰਨੀ ਖੁਰਦ ਵਾਸੀ ਬਲਬੀਰ ਸਿੰਘ ਨੂੰ 35 ਹਜ਼ਾਰ ਰੁਪਏ ਕੈਂਸਰ ਦੇ ਇਲਾਜ ਲਈ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਨੂੰ 25 ਹਜ਼ਾਰ, ਭਾਵਦੀਨ ਯੁਵਾ ਸਪੋਰਟਸ ਕਲੱਬ ਨੂੰ 30 ਹਜ਼ਾਰ ਰੁਪਏ ਦੀ ਆਰਥਿਕ ਮਦਦ ਲਈ ਚੈੱਕ ਦਿੱਤਾ ਗਿਆ ਹੈ। ਪਿੰਡ ਝੋਰੜ ਰੋਹੀ ਵਾਸੀ ਕੁਲਵੰਤ ਸਿੰਘ ਨੂੰ ਬੀਮਾਰੀ ਦੇ ਇਲਾਜ ਲਈ 15 ਹਜ਼ਾਰ ਦੀ ਆਰਥਿਕ ਮਦਦ ਕੀਤੀ ਗਈ ਹੈ। ਇਸ ਮੌਕੇ ਗੁਰਦੁਆਰਾ ਦਸਵੀਂ ਪਾਤਸ਼ਾਹੀ ਦੇ ਮੈਨੇਜਰ ਰਜਿੰਦਰ ਸਿੰਘ ਰਾਣਾ, ਗੁਰਚਰਨ ਸਿੰਘ ਵੈਦਵਾਲਾ, ਸੁਖਦੇਵ ਸਿੰਘ ਢਿੱਲੋਂ, ਜੱਜ ਸਿੰਘ ਤੇ ਕਈ ਹੋਰ ਪਤਵੰਤੇ ਮੌਜੂਦ ਸਨ।