ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 1 ਅਪਰੈਲ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਪੱਲਵੀ ਵੱਲੋਂ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਤੋਂ ਇਲਾਵਾ ਵੱਖ-ਵੱਖ ਜਨਤਕ ਥਾਵਾਂ ’ਤੇ ਲੋਕ ਸਭਾ ਚੋਣਾਂ ਸਬੰਧੀ ਬਣਾਏ ਦਫ਼ਤਰਾਂ ਦਾ ਦੌਰਾ ਕਰ ਕੇ ਹੁਣ ਤੱਕ ਦੀ ਕੀਤੀ ਗਈ ਤਿਆਰੀ ਦਾ ਜਾਇਜ਼ਾ ਲਿਆ।
ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਟੀਮਾਂ ਦੇ ਮੈਂਬਰਾਂ ਨਾਲ ਚੋਣਾਂ ਨੂੰ ਕੌਮੀ ਤਿਉਹਾਰ ਵਜੋਂ ਮਨਾਉਂਦਿਆਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰਨ ਦੀ ਅਪੀਲ ਕੀਤੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਸਮੂਹ ਮੁਲਾਜ਼ਮਾਂ ਨੇ ਭਰੋਸਾ ਦਿੱਤਾ ਕਿ ਉਹ 1 ਜੂਨ ਨੂੰ ਵੋਟਾਂ ਦਾ ਕੰਮ ਮੁਕੰਮਲ ਹੋ ਜਾਣ ਤੱਕ ਚੋਣ ਸਬੰਧੀ ਡਿਊਟੀ ਕਰਨ ਨੂੰ ਆਪਣੀ ਪਹਿਲ ਬਣਾ ਕੇ ਰੱਖਣਗੇ।
ਐੱਸਡੀਐੱਮ ਗੁਰਮੀਤ ਕੁਮਾਰ ਬਾਂਸਲ ਨੇ ਦਾਅਵਾ ਕੀਤਾ ਕਿ ਡੀਸੀ ਨੇ ਸਟਾਫ਼ ਦੀਆਂ ਅਤੇ ਸਾਧਨਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਸੈੱਲਾਂ, ਪੋਲਿੰਗ ਸਟੇਸ਼ਨਾਂ ਅਤੇ ਦਫ਼ਤਰਾਂ ਦਾ ਦੌਰਾ ਕਰਨ ਤੋਂ ਬਾਅਦ ਤਸੱਲੀ ਪ੍ਰਗਟ ਕੀਤੀ ਅਤੇ ਲੋੜੀਂਦੇ ਸੁਝਾਅ ਵੀ ਦਿੱਤੇ।