ਯਸ਼ ਚਟਾਨੀ
ਬਾਘਾ ਪੁਰਾਣਾ, 1 ਅਪਰੈਲ
ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੇ ਦਾਅਵੇ ਹਕੀਕਤ ਤੋਂ ਉਲਟ ਜਾਪ ਰਹੇ ਹਨ। ਜਾਣਕਾਰੀ ਅਨੁਸਾਰ ਕਰੋੜਾਂ ਰੁਪਏ ਦੀ ਸਾਲਾਨਾ ਆਮਦਨ ਵਾਲੀ ਸਥਾਨਕ ਮਾਰਕੀਟ ਕਮੇਟੀ ਆਪਣੇ ਮੁੱਖ ਯਾਰਡ ਵਿਚਲੀਆਂ ਪ੍ਰਮੁੱਖ ਘਾਟਾਂ ਅਤੇ ਮੰਡੀ ਦੇ ਪ੍ਰਬੰਧਾਂ ਨੂੰ ਸੁਧਾਰਨ ਵਿੱਚ ਲਗਾਤਾਰ ਅਸਫਲ ਰਹੀ ਹੈ। ਹੁਣ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਕਮੇਟੀ ਦੇ ਕੋਟਕਪੂਰਾ ਸੜਕ ’ਤੇ ਦੋ ਮੁੱਖ ਦਰਵਾਜ਼ੇ ਹਨ, ਜਿਨ੍ਹਾਂ ਦੀ ਹਾਲਤ ਤਾਂ ਖਸਤਾ ਹੈ ਹੀ ਸਗੋਂ ਇਹ ਦਰਵਾਜ਼ੇ ਬੰਦ ਵੀ ਨਹੀਂ ਹੁੰਦੇ। ਇਸ ਮੰਡੀ ਦਾ ਮੁੱਖ ਦਰਵਾਜ਼ਾ ਅਤੇ ਲਗਭਗ 300 ਫੁੱਟ ਲੰਬਾਈ ਤੱਕ ਦਾ ਇਹ ਰਸਤਾ ਸੜਕੀ ਪਰਤ ਨਾਲੋਂ ਦੋ-ਤਿੰਨ ਫੁੱਟ ਨੀਵਾਂ ਹੋਣ ਕਰਕੇ ਮੀਂਹ ਵੇਲੇ ਛੱਪੜ ਦਾ ਰੂਪ ਧਾਰ ਲੈਂਦਾ ਹੈ। ਜਿੱਥੋਂ ਵਾਹਨਾਂ ਦਾ ਇਸ ਰਸਤੇ ਤੋਂ ਨਿਕਲਣ ਅਤੇ ਅੰਦਰ ਜਾਣਾ ਮੁਸ਼ਕਲ ਹੋ ਜਾਂਦਾ ਹੈ। ਕੋਟਕਪੂਰਾ ਸੜਕ ਵਾਲੇ ਪਾਸੇ ਦੀ ਚਾਰ ਦੀਵਾਰੀ ਦਾ ਹਿੱਸਾ ਵੀ ਢਹਿ ਢੇਰੀ ਹੋਇਆ ਪਿਆ ਹੈ ਜਿੱਥੋਂ ਪਸ਼ੂ ਮੰਡੀ ਅੰਦਰ ਪ੍ਰਵੇਸ਼ ਕਰਕੇ ਫਸਲਾਂ ਦਾ ਨੁਕਸਾਨ ਕਰਦੇ ਹਨ। ਹੋਰਨਾਂ ਪ੍ਰਬੰਧਾਂ ਅੰਦਰਲੀਆਂ ਤਰੁੱਟੀਆਂ ਵੀ ਕਿਸਾਨਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣੀਆਂ ਖੜ੍ਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੰਡੀ ਬੋਰਡ ਵੱਲੋਂ ਕਰੋੜਾਂ ਰੁਪਏ ਦੀ ਫੀਸ ਉਨ੍ਹਾਂ ਦੀ ਫਸਲ ਤੋਂ ਵਸੂਲੀ ਜਾਂਦੀ ਹੈ ਤਾਂ ਉਹ ਪੈਸਾ ਜਿਸ ਨੂੰ ਪਿੰਡਾਂ ਤੇ ਮੰਡੀਆਂ ਦੇ ਵਿਕਾਸ ਲਈ ਹੀ ਖਰਚਣਾ ਹੁੰਦਾ ਹੈ, ਉਸ ਪੈਸੇ ਦੀ ਵਰਤੋਂ ਅਸਲ ਮਕਸਦ ਵਾਸਤੇ ਕਿਉਂ ਨਹੀਂ ਕੀਤੀ ਜਾਂਦੀ। ਇਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੰਡੀਆਂ ਅੰਦਰਲੇ ਨਾਕਸ ਪ੍ਰਬੰਧਾਂ ਦੇ ਤੁਰੰਤ ਸੁਧਾਰ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸੀਜ਼ਨ ’ਚ ਮੁਸ਼ਕਲਾਂ ਪੇਸ਼ ਨਾ ਆਉਣ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਦੋਦਾ ਦੀ ਦਾਣਾ ਮੰਡੀ ਨੇ ਛੱਪੜ ਦਾ ਰੂਪ ਧਾਰਿਆ
ਦੋਦਾ (ਜਸਵੀਰ ਸਿੰਘ ਭੁੱਲਰ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਦੇ ਪੁਖਤਾ ਪ੍ਰਬੰਧਾਂ ਦੇ ਦਾਅਵੇ ਥੋਥੇ ਜਾਪਦੇ ਹਨ। ਇਸ ਦੀ ਤਾਜ਼ਾ ਮਿਸਾਲ ਦਾਣਾ ਮੰਡੀ ਦੋਦਾ ਤੋਂ ਮਿਲਦੀ ਹੈ। ਕੁਝ ਆੜ੍ਹਤੀਆਂ ਵੱਲੋਂ ਆਪਣੇ ਨਾਮ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਉਹ ਮੰਡੀ ਦੀ ਖਸਤਾ ਹਾਲਤ ਤੋਂ ਚਿੰਤਤ ਹਨ ਕਿ ਕਿਸਾਨ ਮੰਡੀ ਵਿਚ ਆਪਣੀ ਫਸਲ ਵੇਚਣ ਲਈ ਕਿਥੇ ਅਤੇ ਕਿਵੇਂ ਢੇਰੀ ਕਰੇਗਾ। ਕਿਉਂਕਿ ਇਹ ਦਾਣਾ ਮੰਡੀ ਝੀਲ ਦਾ ਰੂਪ ਧਾਰੀ ਖੜ੍ਹੀ ਹੈ। ਇਸ ਸਬੰਧੀ ਸੈਕਟਰੀ ਮੰਡੀ ਬੋਰਡ ਬਲਕਾਰ ਸਿੰਘ ਮੁਕਤਸਰ ਨੇ ਕਿਹਾ ਕਿ ਮੰਡੀ ’ਚੋਂ ਪਾਣੀ ਕੱਢ ਕੇ ਸਫਾਈ ਕਰਵਾ ਦਿੱਤੀ ਜਾਵੇਗੀ।