ਮਹਿਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਫ਼ਰੀਦਕੋਟ ਰਾਖਵਾਂ ਲੋਕ ਸਭਾ ਹਲਕੇ ਦੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ 3 ਅਪਰੈਲ ਨੂੰ ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਨੂੰ ਮੋਗਾ ਭਾਜਪਾ ’ਚ ਅੰਦਰੂਨੀ ਕਾਟੋ ਕਲੇਸ਼ ਤੇ ਵਧ ਰਹੇ ਸਿਆਸੀ ਤਣਾਅ ਦਾ ਚੋਣ ਪ੍ਰਚਾਰ ਤੋਂ ਪਹਿਲਾਂ ਹੀ ਸਾਹਮਣਾ ਕਰਨਾ ਪੈ ਸਕਦਾ ਹੈ। ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਕਾਰਨ ਉਨ੍ਹਾਂ ਦੇ ਸਵਾਗਤ ਲਈ ਵੀ ਪ੍ਰੋਗਰਾਮ ਨਹੀਂ ਉਲੀਕਿਆ ਜਾ ਸਕਿਆ। ਉਧਰ, ਹਲਕੇ ਵਿੱਚ ਕਾਂਗਰਸ ਅਤੇ ਅਕਾਲੀ ਉਮੀਦਵਾਰਾਂ ਬਿਨਾਂ ਸਿਆਸੀ ਪਿੜ ਸੁੰਨਾ ਪਿਆ ਹੈ। ਇੱਥੋਂ ‘ਆਪ’ ਵੱਲੋਂ ਅਦਾਕਾਰ ਕਰਮਜੀਤ ਅਨਮੋਲ, ਭਾਜਪਾ ਵੱਲੋਂ ਹੰਸ ਰਾਜ ਹੰਸ ਤੇ ਅਕਾਲੀ ਦਲ ਮਾਨ ਵੱਲੋਂ ਬਲਦੇਵ ਸਿੰਘ ਗਗੜਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਚੋਣ ਪ੍ਰਚਾਰ ਦੀ ਰਫ਼ਤਾਰ ਹਾਲ ਦੀ ਘੜੀ ਧੀਮੀ ਹੈ।
ਇਥੇ ਭਾਜਪਾ ਵੱਲੋਂ ਲਗਾਏ ਇੰਚਾਰਜ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਹੰਸ ਰਾਜ ਹੰਸ ਦੀ ਫਰੀਦਕੋਟ ਲੋਕ ਸਭਾ ਤੋਂ ਇਤਿਹਾਸਕ ਜਿੱਤ ਹੋਵੇਗੀ। ਭਾਜਪਾ ਦੀ ਪਾਰਟੀ ਵਰਕਰ ਮੀਟਿੰਗ ਵਿਚ ਸੀਨੀਅਰ ਆਗੂਆਂ ਨੇ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਮੀਟਿੰਗਾਂ ਵਿੱਚ ਟਿਕਟ ਦੇ ਚਾਹਵਾਨ ਸਾਬਕਾ ਐੱਸਪੀ ਮੁਖਤਿਆਰ ਸਿੰਘ ਵੀ ਗੈਰਹਾਜ਼ਰ ਰਹੇ। ਸੀਨੀਅਰ ਆਗੂਆਂ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਿਹਾ ਕਿ ਉਹ ਟਕਸਾਲੀ ਆਗੂ ਹਨ ਅਤੇ ਜ਼ਿਲ੍ਹਾ ਪ੍ਰਧਾਨ ਦੀਆਂ ਆਪਹੁਦਰੀਆਂ ਤੋਂ ਤੰਗ ਹਨ। ਭਾਜਪਾ ਦੇ ਨਾਰਾਜ਼ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਉਨ੍ਹਾਂ ਲਈ ਚੋਣ ਪ੍ਰਚਾਰ ਵੀ ਕਰਨਗੇ। ਜਦੋਂਕਿ ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਸੀਨੀਅਰ ਆਗੂ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗਾਂ ਵਿਚ ਨਹੀਂ ਪੁੱਜ ਸਕੇ। ਉਨ੍ਹਾਂ ਦੱਸਿਆ ਕਿ ਹੰਸ ਰਾਜ ਹੰਸ 3 ਅਪਰੈਲ ਨੂੰ ਜਲੰਧਰ ਤੋਂ ਮੋਗਾ ਲਈ ਰਵਾਨਾ ਹੋਣਗੇ ਅਤੇ ਮੋਗਾ ਤੋਂ ਬਰਾਸਤਾ ਤਲਵੰਡੀ ਭਾਈ ਫ਼ਰੀਦਕੋਟ ਵਿਖੇ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰ ਹੰਸ ਰਾਜ ਹੰਸ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਵਰਕਰਾਂ ਵਿੱਚ ਉਤਸ਼ਾਹ ਹੈ ।
ਹਲਕੇ ਲਈ ਪਾਰਟੀ ਵੱਲੋਂ ਲਗਾਏ ਇੰਚਾਰਜ ਅਨਿਲ ਸਰੀਨ ਨੇ ਪਾਰਟੀ ਵਰਕਰਾਂ ਨੂੰ ਡਿਊਟੀਆਂ ਬਾਰੇ ਅਤੇ ਚੋਣ ਪ੍ਰਚਾਰ ਦੇ ਨੁਕਤੇ ਵੀ ਦੱਸੇ। ਉਨ੍ਹਾਂ ਮੋਗਾ ਅਤੇ ਧਰਮਕੋਟ ਵਿੱਚ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਦੌਰਾਨ ਵਰਕਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ। ਉਨ੍ਹਾਂ ਸਮੂਹ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਪ੍ਰਚਾਰ ਕਰਨ ਦਾ ਸੱਦਾ ਦਿੱਤਾ।