ਪੱਤਰ ਪ੍ਰੇਰਕ
ਮੁਕੇਰੀਆਂ, 1 ਅਪਰੈਲ
ਤਹਿਸੀਲ ਦੇ ਮਾਲ ਅਧਿਕਾਰੀ ਦੀਆਂ ਮਨਮਾਨੀਆਂ ਕਾਰਨ ਤਹਿਸੀਲ ਅੰਦਰ ਜ਼ਮੀਨਾਂ ਦੀਆਂ ਰਜਿਸਟਰੀਆਂ ਸਮੇਤ ਹੋਰ ਕੰਮਾਂ ਲਈ ਆਉਂਦੇ ਲੋਕ ਖੁਆਰ ਹੋ ਰਹੇ ਹਨ। ਸੂਤਰਾਂ ਅਨੁਸਾਰ ਮਾਲ ਅਧਿਕਾਰੀ ਵੱਲੋਂ ਤਹਿਸੀਲ ਦਫ਼ਤਰ ਅੰਦਰ ਰਜਿਸਟਰੀ ਕਲਰਕ ਅਤੇ ਰੀਡਰ ਹੋਣ ਦੇ ਬਾਵਜੂਦ ਹਾਜੀਪੁਰ ਸਬ-ਤਹਿਸੀਲ ਅੰਦਰ ਤਾਇਨਾਤ ਇੱਕ ਆਪਣੇ ਚਹੇਤੇ ਰੀਡਰ ਤੋਂ ਰਜਿਸਟਰੀਆਂ ਚੈੱਕ ਰਕਾਉਣ ਉਪਰੰਤ ਹੀ ਨਿਰਧਾਰਤ ਸਮੇਂ ਤੋਂ ਬਾਅਦ ਰਜਿਸਟਰੀਆਂ ਕੀਤੀਆਂ ਜਾਂਦੀਆਂ ਹਨ।
ਉੱਧਰ ਮਾਲ ਅਧਿਕਾਰੀ ਨੇ ਦਫ਼ਤਰ ਆ ਕੇ ਰਾਬਤਾ ਕਰਨ ਦੀ ਸਲਾਹ ਦਿੰਦਿਆਂ ਇਸ ਬਾਰੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਤਹਿਸੀਲ ਦਫ਼ਤਰ ਅੰਦਰ ਲੁਧਿਆਣੇ ਤੋਂ ਆਏ ਬਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਵੇਚੀ ਸੀ ਅਤੇ ਅੱਜ ਉਸਦੀ ਰਜਿਸਟਰੀ ਹੋਣੀ ਸੀ। ਸਬੰਧਿਤ ਧਿਰ ਵੱਲੋਂ ਸਮੇਂ ਸਿਰ ਅਪਲਾਈ ਕੀਤੇ ਹੋਣ ਕਾਰਨ ਮੁਕੇਰੀਆਂ ਅੰਦਰ ਸਭ ਤੋਂ ਪਹਿਲੀ ਰਜਿਸਟਰੀ ਉਨ੍ਹਾਂ ਦੀ ਦਰਜ ਹੋਈ ਸੀ। ਉਹ ਸਵੇਰੇ ਤੋਂ ਹੀ ਉਡੀਕ ਕਰ ਰਹੇ ਸਨ ਅਤੇ ਪਤਾ ਲੱਗਿਆ ਕਿ ਤਹਿਸੀਲਦਾਰ ਸਾਹਿਬ ਕਿਸੇ ਮੀਟਿੰਗ ’ਤੇ ਹਨ ਅਤੇ ਰਜਿਸਟਰੀਆਂ ਬਾਅਦ ਦੁਪਹਿਰ ਹੋਣਗੀਆਂ। ਇਸੇ ਦੌਰਾਨ ਤਹਿਸੀਲਦਾਰ ਮੁਕੇਰੀਆਂ ਆਪਣੇ ਦ਼ਫਤਰ ਆ ਕੇ ਬੈਠ ਗਏ ਅਤੇ 4: 45 ਮਿੰਟ ਤੱਕ ਬੈਠੇ ਰਹੇ। ਜਦੋਂ ਲੋਕ ਦੁਖੀ ਹੋ ਕੇ ਰੌਲਾ ਪਾਉਣ ਲੱਗੇ ਤਾਂ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਨੇ 4: 52 ਮਿੰਟ ’ਤੇ ਰਜਿਸਟਰੀਆਂ ਕਰਨੀਆਂ ਸ਼ੁਰੂ ਕੀਤੀਆਂ। ਜਦੋਂ ਕ੍ਰਮ ਨੰਬਰ ਅਨੁਸਾਰ ਰਜਿਸਟਰੀਆਂ ਨਾ ਹੋਣ ਬਾਰੇ ਮਸਲਾ ਉੱਠਿਆ ਤਾਂ ਦਫਤਰੀ ਮੁਲਾਜ਼ਮਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਦਰਜ ਰਜਿਸਟਰੀ ਵਾਲੀ ਫਾਈਲ ਵਿੱਚੋਂ ਕੁਝ ਦਸਤਾਵੇਜ਼ ਗਾਇਬ ਹਨ। ਜਦੋਂ ਇਸ ਸਬੰਧੀ ਇਤਰਾਜ਼ ਉਠਾਇਆ ਕਿ ਤਹਿਸੀਲਦਾਰ ਦੇ ਦਫ਼਼ਤਰ ਵਿੱਚੋਂ ਕਾਗਜ਼ਾਤ ਕਿਵੇਂ ਗੁੰਮ ਹੋ ਸਕਦੇ ਹਨ ਤਾਂ ਫਿਰ ਕਾਗਜ਼ਾਤ ਮਿਲ ਗਏ। ਤਹਿਸੀਲ ਦਫ਼ਤਰ ਦੇ ਸੂਤਰ ਅਨੁਸਾਰ ਤਹਿਸੀਲਦਾਰ ਮੁਕੇਰੀਆਂ ਇੱਥੋਂ ਬਦਲ ਕੇ ਹਾਜੀਪੁਰ ਗਏ ਇੱਕ ਰਜਿਸਟਰੀ ਕਲਰਕ ਵਲੋਂ ਤੈਅ ਕੀਤੀਆਂ ਰਜਿਸਟਰੀਆਂ ਹੀ ਕਰਦੇ ਹਨ ਅਤੇ ਉਹ ਹੀ ਵਸੀਕਾ ਨਵੀਸਾਂ ਨਾਲ ਤਹਿਸੀਲਦਾਰ ਨੂੰ ਦਿੱਤੀ ਜਾਣ ਵਾਲੀ ਫੀਸ ਤੈਅ ਕਰਦਾ ਹੈ। ਜਿਹੜੇ ਲੋਕ ਫੀਸ ਨਹੀਂ ਦਿੰਦੇ ਵਸੀਕੇ ਉਹ ਦੀਆਂ ਰਜਿਸਟਰੀਆਂ ਮਾਰਕ ਕਰਾਉਣ ਲਈ ਤਹਿਸੀਲਦਾਰ ਕੋਲ ਭੇਜ ਦਿੱਤਾ ਜਾਂਦਾ ਹੈ, ਜਿਸ ’ਤੇ ਇਤਰਾਜ਼ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਤਸਦੀਕ ਅੱਜ ਇੱਕ ਸਾਬਕਾ ਪੁਲੀਸ ਅਧਿਕਾਰੀ ਨੇ ਕੀਤੀ ਹੈ, ਜਿਸਦੀ ਰਜਿਸਟਰੀ ਨੂੰ 6 ਇਤਰਾਜ਼ ਲਗਾਏ ਗਏ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਤਹਿਸੀਲ ਦਫ਼ਤਰ ਅੰਦਰ ਰਜਿਸਟਰੀ ਕਲਰਕ ਤੇ ਰੀਡਰ ਹੋਣ ਦੇ ਬਾਵਜੂਦ ਦੂਜੀ ਤਹਿਸੀਲ ਦੇ ਕਲਰਕ ਕੋਲੋਂ ਰਜਿਸਟਰੀਆਂ ਚੈੱਕ ਕਰਾਉਣਾ ਭ੍ਰਿਸ਼ਟਾਚਾਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਲ ਅਧਿਕਾਰੀ ਖਿਲਾਫ਼ ਕਾਰਵਾਈ ਕੀਤੀ ਜਾਵੇ।
ਤਹਿਸੀਲਦਾਰ ਨੇ ਨਹੀਂ ਦਿੱਤਾ ਸਪੱਸ਼ਟ ਜਵਾਬ
ਤਹਿਸੀਲਦਾਰ ਅਮਰਬੀਰ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਦਾ ਕੋਈ ਜਵਾਬ ਦੇਣ ਦੀ ਥਾਂ ਆਖਿਆ ਕਿ ਤੁਸੀਂ ਦਫ਼ਤਰ ਆ ਕੇ ਮਿਲ ਲਵੋ, ਫੋਨ ’ਤੇ ਕੋਈ ਜਾਣਕਾਰੀ ਦੇਣ ਲਈ ਉਹ ਪਾਬੰਦ ਨਹੀਂ ਹਨ। ਬਾਹਰੀ ਸਟੇਸ਼ਨ ਦੇ ਰਜਿਸਟਰੀ ਕਲਰਕ ਬਾਰੇ ਪੁੱਛਣ ’ਤੇ ਉਨ੍ਹਾਂ ਫੋਨ ਕੱਟ ਦਿੱਤਾ।