ਨਵੀਂ ਦਿੱਲੀ, 2 ਅਪਰੈਲ
ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ 17 ਹੋਰ ਉਮੀਦਵਾਰ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਤੇ ਐੱਮਐੱਮ ਪੱਲਮ ਰਾਜੂ ਤੇ ਪਾਰਟੀ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਵਾਈ ਐੱਸ ਸ਼ਰਮੀਲਾ ਰੈਡੀ ਦੇ ਨਾਮ ਸ਼ਾਮਲ ਹਨ। ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ 11ਵੀਂ ਸੂਚੀ ਵਿੱਚ ਆਂਧਰਾ ਪ੍ਰਦੇਸ਼ ਦੇ ਪੰਜ, ਬਿਹਾਰ ਦੇ ਤਿੰਨ, ਉੜੀਸਾ ਦੇ ਅੱਠ ਅਤੇ ਪੱਛਮੀ ਬੰਗਾਲ ਦੇ ਇੱਕ ਉਮੀਦਵਾਰ ਦਾ ਨਾਮ ਸ਼ਾਮਲ ਹੈ। ਪਾਰਟੀ ਨੇ ਬਿਹਾਰ ਦੇ ਕਟਿਹਾਰ ਤੋਂ ਅਨਵਰ ਨੂੰ ਮੁੜ ਉਮੀਦਵਾਰ ਬਣਾਇਆ ਹੈ। ਆਂਧਰਾ ਪ੍ਰਦੇਸ਼ ਦੇ ਕਡੱਪਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਸ਼ਰਮੀਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਿੱਥੇ ਉਸ ਦਾ ਮੁਕਾਬਲਾ ਵਾਈਐੱਸਆਰ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਚਚੇਰੇ ਭਰਾ ਅਵਿਨਾਸ਼ ਰੈਡੀ ਨਾਲ ਹੋਵੇਗਾ। ਕਾਂਗਰਸ ਨੇ ਸਾਬਕਾ ਮੰਤਰੀ ਪੱਲਮ ਰਾਜੂ ਤੇ ਜੇ ਡੀ ਸੀਲਮ ਨੂੰ ਕ੍ਰਮਵਾਰ ਕਾਕੀਨਾੜਾ ਅਤੇ ਬਾਪਟਲਾ ਤੋਂ ਮੈਦਾਨ ਵਿੱਚ ਉਤਾਰਿਆ ਹੈ ਜਿੱਥੇ 13 ਮਈ ਨੂੰ ਵੋਟਿੰਗ ਹੋਵੇਗੀ। ਕਾਂਗਰਸ ਨੇ ਬਿਹਾਰ ਦੀ ਕਿਸ਼ਨਗੰਜ ਲੋਕ ਸਭਾ ਸੀਟ ਤੋਂ ਆਪਣੇ ਮੌਜੂਦਾ ਸੰਸਦ ਮੈਂਬਰ ਮੁਹੰਮਦ ਜਾਵੇਦ ਨੂੰ ਟਿਕਟ ਦਿੱਤੀ ਹੈ। ਭਾਗਲਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਜੀਤ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਬਿਹਾਰ ਦੀਆਂ ਕੁੱਲ 40 ਲੋਕ ਸਭਾ ਸੀਟਾਂ ਵਿੱਚੋਂ ਨੌਂ ’ਤੇ ਚੋਣਾਂ ਲੜ ਰਹੀ ਹੈ। ਉੜੀਸਾ ਦੇ ਕੋਰਾਪੁਟ ਤੋਂ ਮੌਜੂਦਾ ਸੰਸਦ ਮੈਂਬਰ ਸਪਤਗਿਰੀ ਉਲਾਕਾ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਨੇ ਪੱਛਮੀ ਬੰਗਾਲ ਦੀ ਦਾਰਜੀਲਿੰਗ ਲੋਕ ਸਭਾ ਸੀਟ ਲਈ ਡਾ. ਮੁਨੀਸ਼ ਤਮਾਂਗ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਹੁਣ ਤੱਕ ਕੁੱਲ 231 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਦਸ ਵੱਖ-ਵੱਖ ਸੂਚੀਆਂ ਵਿੱਚ 214 ਉਮੀਦਵਾਰ ਐਲਾਨੇ ਸਨ। -ਪੀਟੀਆਈ
ਮੁਜ਼ੱਫਰਪੁਰ ਤੋਂ ਭਾਜਪਾ ਸੰਸਦ ਮੈਂਬਰ ਕਾਂਗਰਸ ’ਚ ਸ਼ਾਮਲ
ਨਵੀਂ ਦਿੱਲੀ: ਭਾਜਪਾ ਦੇ ਬਿਹਾਰ ਦੇ ਮੁਜ਼ੱਫਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਜੈ ਕੁਮਾਰ ਨਿਸ਼ਾਦ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਭਾਜਪਾ ਨੇ ਉਸ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਨਿਸ਼ਾਦ ਨੇ ਇਸ ਦੌਰਾਨ ਬਿਹਾਰ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਉਸ ਦਾ ਮੁੱਖ ਮਕਸਦ ਕਿਸੇ ਦਾ ਹੰਕਾਰ ਚਕਨਾਚੂਰ ਕਰਨਾ ਹੈ। -ਪੀਟੀਆਈ