ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਮੁਅੱਤਲ ਸੰਸਥਾ ਚਲਾਉਣ ਵਾਲੀ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਨੂੰ ਭੰਗ ਕੀਤੇ ਜਾਣ ਤੋਂ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮਾਮਲਿਆਂ ਦੇ ਪ੍ਰਬੰਧਨ ਦੇ ਸਬੰਧ ਵਿੱਚ ਆਪਣਾ ਰੁਖ਼ ਸਪੱਸ਼ਟ ਕਰਦਿਆਂ ਹਲਫ਼ਨਾਮਾ ਦਾਇਰ ਕਰੇ। ਪਹਿਲਵਾਨ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਉਸ ਦੇ ਪਤੀ ਸੱਤਿਆਵ੍ਰਤ ਕਾਦਿਆਨ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਸਚਿਨ ਦੱਤਾ ਨੇ ਆਈਓਏ ਨੂੰ ਵੀ ਨਿਰਦੇਸ਼ ਦਿੱਤਾ ਕਿ ਇੱਕ ਹਲਫਨਾਮਾ ਦਾਇਰ ਕਰਕੇ ਦੱਸੇ ਉਹ ਕਿਹੜੀਆਂ ਸਥਿਤੀਆਂ ਸਨ ਜਿਨ੍ਹਾਂ ਤਹਿਤ ਉਸ ਨੇ ਐਡਹਾਕ ਕਮੇਟੀ ਭੰਗ ਕਰਨ ਦਾ ਫ਼ੈਸਲਾ ਕੀਤਾ ਸੀ। ਅਗਲੀ ਸੁਣਵਾਈ 10 ਅਪਰੈਲ ਨੂੰ ਹੋਵੇਗੀ। -ਪੀਟੀਆਈ