ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਪਰੈਲ
ਮਿਹਰਬਾਨ ਦੀ ਪ੍ਰੇਮ ਕਲੋਨੀ ਇਲਾਕੇ ’ਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਧਰਤੀ ’ਤੇ ਮਾਰ ਕੇ ਉਸ ਨੂੰ ਇਸ ਲਈ ਕਤਲ ਕਰ ਦਿੱਤਾ। ਉਹ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਉਸ ਨੇ ਦੀਵਾਲੀ ਵਾਲੇ ਦਿਨ ਵੀ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਸੀ। ਉਸ ਦਾ ਹਾਲੇ ਤੱਕ ਇਲਾਜ ਚੱਲ ਰਿਹਾ ਸੀ। ਇਸ ਦੇ ਬਾਵਜੂਦ ਮੁਲਜ਼ਮ ਸ਼ਰਾਬ ਪੀਣ ਤੋਂ ਨਹੀਂ ਹਟਿਆ। ਮ੍ਰਿਤਕ ਮਾਨੋ (31) ਦੀ ਮੌਤ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਮਾਨੋ ਦਾ ਭਰਾ ਸ਼ਿਵਰਾਜ ਉਸ ਨੂੰ ਮਿਲਣ ਲਈ ਗਿਆ। ਮਾਨੋ ਦੀ ਅੰਦਰ ਲਾਸ਼ ਜ਼ਮੀਨ ’ਤੇ ਪਈ ਸੀ ਅਤੇ ਮੁਲਜ਼ਮ ਤੇ ਬੱਚੇ ਕੋਲ ਬੈਠੇ ਸਨ। ਇਸ ਤੋਂ ਬਾਅਦ ਸ਼ਿਵਰਾਜ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਥਾਣਾ ਮਿਹਰਬਾਨ ਦੀ ਪੁਲੀਸ ਨੇ ਮਾਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਵਰਾਜ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਭੈਣ ਦਾ ਵਿਆਹ 2006 ’ਚ ਮਾਨ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ 2 ਲੜਕੀਆਂ ਤੇ 2 ਲੜਕੇ ਹਨ। ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ। ਮਾਨੋ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਜਿਸ ਕਾਰਨ ਦੋਵਾਂ ’ਚ ਝਗੜਾ ਰਹਿੰਦਾ ਸੀ। ਬੀਤੀ ਰਾਤ ਨੂੰ ਵੀ ਮੁਲਜ਼ਮ ਸ਼ਰਾਬ ਪੀ ਰਿਹਾ ਸੀ ਅਤੇ ਜਦੋਂ ਮਾਨੋ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦਾ ਸਿਰ ਜ਼ਮੀਨ ’ਤੇ ਮਾਰ ਦਿੱਤਾ। ਇਸ ਕਾਰਨ ਉਹ ਬੇਹੋਸ਼ ਹੋ ਗਈ ਅਤੇ ਮੁਲਜ਼ਮ ਫਿਰ ਸ਼ਰਾਬ ਪੀਣ ਲੱਗਿਆ। ਅਗਲੇ ਦਿਨ ਸਵੇਰੇ ਉਸ ਨੂੰ ਪਤਾ ਲੱਗਿਆ ਕਿ ਪਤਨੀ ਦੀ ਮੌਤ ਹੋ ਚੁੱਕੀ ਹੈ। ਸ਼ਿਵਰਾਜ ਜਦੋਂ ਆਪਣੀ ਭੈਣ ਨੂੰ ਮਿਲਣ ਗਿਆ ਤਾਂ ਉਸ ਨੂੰ ਮੌਤ ਬਾਰੇ ਪਤਾ ਲੱਗਿਆ।
ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।