ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 3 ਅਪਰੈਲ
ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਹਰਮਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਤ ਪ੍ਰਧਾਨ ਗਿੱਲ ਨੇ ਦੱਸਿਆ ਕਿ ਅੱਜ-ਕੱਲ੍ਹ ਬਦਲਦੇ ਮੌਸਮ ਕਾਰਨ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਫਲ ਵਿਕ੍ਰੇਤਾ ਫਲ ਪਕਾਉਣ ਲਈ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਮਿਲਾਵਟੀ ਵਸਤਾਂ ਵੇਚਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ ਜਿਨ੍ਹਾਂ ਉੱਪਰ ਸਿਹਤ ਵਿਭਾਗ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਮਾਛੀਵਾੜਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਨਹੀਂ ਹਨ ਜਿਸ ਵਿਚ ਮਾਛੀਵਾੜਾ ਤੋਂ ਰੋਪੜ ਵਾਇਆ ਬੇਟ ਇਲਾਕੇ ਦੇ ਪਿੰਡਾਂ ’ਚੋਂ ਜਾਣ ਵਾਲੀ ਬੱਸ ਸਰਵਿਸ ਦਾ ਮਾੜਾ ਹਾਲ ਹੈ। ਇਸ ਦਾ ਸਵਾ 4 ਵਜੇ ਤੋਂ ਕੋਈ ਵੀ ਟਾਈਮ ਨਹੀਂ। ਇਸੇ ਤਰ੍ਹਾਂ ਹੀ ਵਾਈਆ ਕੁਹਾੜਾ ਹੋ ਕੇ ਲੁਧਿਆਣਾ ਅਤੇ ਖੰਨਾ ਤੋਂ ਮਾਛੀਵਾੜਾ ਹੋ ਕੇ ਜੋ ਜੋਧਵਾਲ ਬਸਤੀ ਲੁਧਿਆਣਾ ਨੂੰ ਬੱਸ ਸਰਵਿਸ ਲਗਾਈ ਗਈ ਹੈ, ਉਸ ਦੇ ਵੀ ਹਮੇਸ਼ਾ ਹੀ ਟਾਈਮ ਮਿਸ ਹੁੰਦੇ ਰਹਿੰਦੇ ਹਨ। ਇਸ ਕਾਰਨ ਇਸ ਰੂਟ ’ਤੇ ਪੈਂਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਮੰਗ ਕਰਦੀ ਹੈ ਕਿ ਇਨ੍ਹਾਂ ਰੂਟਾਂ ’ਤੇ ਲਗਾਈਆਂ ਬੱਸਾਂ ਦੇ ਟਾਈਮ ਦਰੁਸਤ ਕੀਤੇ ਜਾਣ।
ਇਸ ਮੌਕੇ ਬਖ਼ਸੀ ਰਾਮ, ਜਗਮੋਹਣ ਸਿੰਘ ਰਹੀਮਾਬਾਦ, ਸੁਰਿੰਦਰ ਸਿੰਘ ਗਿੱਲ, ਮੋਹਣ ਲਾਲ, ਕਰਮਜੀਤ ਲੋਪੋਂ, ਰਜਿੰਦਰ ਸਿੰਘ ਸਮਰਾਲਾ, ਚਮਨ ਲਾਲ ਬੈਂਸ, ਜਗੀਰ ਸਿੰਘ ਲੌਂਗੀਆ, ਸੁਭਾਸ਼ ਚੰਦਰ, ਸੋਮ ਸਿੰਘ, ਬਲਦੇਵ ਸਿੰਘ, ਹਰਭਜਨ ਸਿੰਘ, ਰਮਨ ਕੁਮਾਰ ਵੀ ਮੌਜੂਦ ਸਨ।