ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਅਪਰੈਲ
ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਤਿਕੋਨਾ ਪਾਰਕ ਮਾਡਲ ਟਾਊਨ ’ਚ ਸ਼ਰਾਬ ਪੀਂਦੇ ਪੰਜ ਜਣਿਆਂ ਖ਼ਿਲਾਫ਼ ਕਾਰਵਾਈ ਕਰਨ ਵਾਲੀ ਪੀਸੀਆਰ ਟੀਮ ਨਾਲ ਉਲਝਣ ਤੇੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਤਿੰਨ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੀਸੀਆਰ ਟੀਮ 49 ਤੇ ਤਾਇਨਾਤ ਪਿੰਡ ਡੱਲਾ ਕਾਦੀਆਂ (ਗੁਰਦਾਸਪੁਰ) ਵਾਸੀ ਜਸਪਾਲ ਸਿੰਘ ਬੈਲਟ ਨੰਬਰ 1261/ਲੁਧਿਆਣਾ ਨੇ ਦੱਸਿਆ ਹੈ ਕਿ ਤਿਕੋਨਾ ਪਾਰਕ ਮਾਡਲ ਟਾਊਨ ਵਿੱਚ ਕੁੱਝ ਸ਼ਰਾਰਤੀ ਨੌਜਵਾਨ ਬੈਠੇ ਸ਼ਰਾਬ ਪੀਂਦਿਆਂ ਹੁਲੜਬਾਜ਼ੀ ਕਰ ਰਹੇ ਸਨ। ਪੁਲੀਸ ਪਾਰਟੀ ਨੇ ਪਾਰਕ ਵਿੱਚ ਜਾ ਕੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਗਾਲਾਂ ਕੱਢਣ ਲੱਗ ਪਏ। ਉਨ੍ਹਾਂ ਪੁਲੀਸ ਪਾਰਟੀ ਦੀ ਵਰਦੀ ਨੂੰ ਹੱਥ ਪਾਇਆ ਤੇ ਵਰਦੀ ਪਾੜਨ ਦੀ ਵੀ ਕੋਸ਼ਿਸ਼ ਕੀਤੀ ਤੇ ਘੇਰ ਕੇ ਸਰਕਾਰੀ ਮੋਟਰਸਾਈਕਲ ਦੀ ਭੰਨ੍ਹ ਤੋੜ ਕੀਤੀ। ਇਸ ’ਤੇ ਪੀਸੀਆਰ ਟੀਮ ਨੇ ਮਦਦ ਲਈ ਨਾਲ ਦੀ ਬੀਟ ਵਿੱਚ ਚੱਲਦੇ ਪੀਸੀਆਰ ਕਰਮਚਾਰੀਆਂ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ ਜਿਸ ’ਤੇ ਇਹ ਪੁਲੀਸ ਪਾਰਟੀ ਨੂੰ ਆਉਂਦਾ ਵੇਖ ਕੇ ਗਾਲੀ ਗਲੋਚ ਕਰਦਿਆਂ ਧਮਕੀਆਂ ਦਿੰਦੇ ਹੋਏ ਇੱਟਾਂ ਰੋੜੇ ਮਾਰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਕਾਰਵਾਈ ਕਰਦਿਆਂ ਸੌਰਵ ਬੇਦੀ ਅਤੇ ਕੀਰਤੀ ਰਾਜ ਵਾਸੀਆਨ ਕਰਤਾਰ ਨਗਰ ਮਾਡਲ ਟਾਊਨ ਨੂੰ ਕਾਬੂ ਕਰ ਲਿਆ ਜਦਕਿ ਉਨ੍ਹਾਂ ਦੇ ਸਾਥੀ ਇੰਦਰਜੀਤ ਸਿੰਘ ਉਰਫ਼ ਗਾਂਧੀ ਵਾਸੀ ਕੁੰਦਨ ਨਗਰ ਮਾਡਲ ਟਾਊਨ, ਰੋਹਿਤ ਵਾਸੀ ਕਰਤਾਰ ਨਗਰ ਮਾਡਲ ਟਾਊਨ ਅਤੇ ਲੇਖਰਾਜ ਫ਼ਰਾਰ ਹੋ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।