ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 4 ਅਪਰੈਲ
ਥਾਣਾ ਸਿਟੀ ਤੋਂ ਮਹਿਜ਼ ਪੰਜਾਹ ਮੀਟਰ ਦੀ ਦੂਰੀ ’ਤੇ ਸਥਿਤ ਹੋਟਲ ਇੰਟਰਨੈਸ਼ਨਲ ਵਿੱਚ ਪੁਲੀਸ ਨੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਅੰਗਰੇਜ਼ੀ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇਸ ਹੋਟਲ ਦੇ ਮਾਲਕ ਵੱਲੋਂ ਆਪਣੇ ਸਟੋਰ ਵਿਚ ਕਾਫ਼ੀ ਵੱਡੀ ਮਾਤਰਾ ਵਿੱਚ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ ਜੋ ਗਾਹਕਾਂ ਨੂੰ ਚੋਰੀ ਵੇਚੀ ਜਾਂਦੀ ਹੈ। ਪੁਲੀਸ ਨੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਕਰਨ ਰੋਮਾਣਾ ਨੂੰ ਨਾਲ ਲੈ ਕੇ ਜਦੋਂ ਹੋਟਲ ਵਿੱਚ ਛਾਪੇਮਾਰੀ ਕੀਤੀ ਤਾਂ ਉਥੋਂ ਵੱਖ-ਵੱਖ ਕੰਪਨੀਆਂ ਦੀਆਂ 160 ਪੇਟੀਆਂ ਸ਼ਰਾਬ (1260 ਲੀਟਰ) ਅਤੇ 60 ਪੇਟੀਆਂ ਬੀਅਰ (540 ਲੀਟਰ) ਬਰਾਮਦ ਕੀਤੀ ਗਈ। ਪੁਲੀਸ ਨੇ ਹੋਟਲ ਮਾਲਕ ਜੀਵਨ ਪੁੱਤਰ ਸੁਭਾਸ਼ ਪੁਰੀ ਵਾਸੀ ਮਾਲ ਰੋਡ ਫ਼ਿਰੋਜਪੁਰ ਸ਼ਹਿਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।