ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਸਚਦੇਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨੰਬਰ ਦੀ ਨੌਟੰਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕੇਜਰੀਵਾਲ ਸਰਕਾਰ ਨੇ ਦਾਅਵਿਆਂ ਦੇ ਨਾਂ ’ਤੇ ਸਿਰਫ ਝੂਠ ਹੀ ਬੋਲਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸੰਜੈ ਸਿੰਘ ਨੂੰ ਜ਼ਮਾਨਤ ਮਿਲੀ ਤਾਂ ਉਹ ਹਸਪਤਾਲ ਵਿੱਚ ਸੀ ਅਤੇ ਉਥੋਂ ਉਹ ਵ੍ਹੀਲ ਚੇਅਰ ’ਤੇ ਤਿਹਾੜ ਆਇਆ ਅਤੇ ਜ਼ਮਾਨਤ ਮਿਲਦੇ ਹੀ ਉਹ ਤੁਰੰਤ ਕਾਰ ਦੀ ਛੱਤ ’ਤੇ ਚੜ੍ਹ ਗਿਆ ਅਤੇ ਅੱਜ ਫਿਰ ਹਮਦਰਦੀ ਲੈਣ ਵਾਸਤੇ ਵੀਲ੍ਹ ਚੇਅਰ ’ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ‘ਆਪ’ ਦੇ ਸਾਰੇ ਆਗੂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਮੁੱਖ ਮੰਤਰੀ ਕੌਣ ਬਣੇਗਾ। ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ ਇਸ ਦੀ ਚਿੰਤਾ ਹੈ ਪਰ ਦਿੱਲੀ ਦਾ ਦਰਦ ਕੋਈ ਨਹੀਂ ਦੇਖਦਾ। ਸੰਜੈ ਸਿੰਘ ਨੂੰ ਸਮਝਣਾ ਹੋਵੇਗਾ ਕਿ ਜ਼ਮਾਨਤ ’ਤੇ ਬਾਹਰ ਆਉਣ ਦਾ ਮਤਲਬ ਅਪਰਾਧ ਤੋਂ ਮੁਕਤ ਹੋਣਾ ਨਹੀਂ ਹੈ। ਜਾਂਚ ਵਿਚ ਹੋਰ ਚਿਹਰੇ ਬੇਨਕਾਬ ਹੋਣਗੇ, ਇਸ ਲਈ ਇਹ ਡਰਾਮੇਬਾਜ਼ੀ ਬੰਦ ਕਰੋ ਅਤੇ ਦਿੱਲੀ ਨੂੰ ਲੁੱਟਣਾ ਬੰਦ ਕਰੋ। ਮਨੋਜ ਤਿਵਾੜੀ ਨੇ ਕਿਹਾ ਕਿ ਭਾਜਪਾ ਜਲਦ ਹੀ ਸ਼ਰਾਬ ਘੁਟਾਲੇ ’ਤੇ ਵਾਈਟ ਪੇਪਰ ਲਿਆਵੇਗੀ। ਸ਼ਰਾਬ ਘੁਟਾਲਾ ਆਮ ਆਦਮੀ ਪਾਰਟੀ ਦੀ ਵੱਡੀ ਲੁੱਟ ਹੈ ਪਰ ਇਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।