ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਪਰੈਲ
ਸੀਬੀਆਈ ਨੇ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਾਂ ਰਾਹੀਂ ਬੇਔਲਾਦ ਜੋੜਿਆਂ ਨੂੰ ਬੱਚੇ ਵੇਚਣ ਵਾਲੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਬਾਲ ਤਸਕਰਾਂ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਕਾਰਵਾਈ ਦੌਰਾਨ ਦੋ ਬੱਚਿਆਂ ਨੂੰ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਅਤੇ ਹਰਿਆਣਾ ਵਿੱਚ ਸੱਤ ਸਥਾਨਾਂ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਏਜੰਸੀ ਦੇ ਸੂਹੀਆਂ ਵੱਲੋਂ 1.5 ਦਿਨ ਅਤੇ 15 ਦਿਨ ਦੇ ਦੋ ਨਵਜੰਮੇ ਲੱਭੇ ਗਏ, ਜਿਨ੍ਹਾਂ ਨੂੰ ਗਰੋਹ ਵੇਚਣ ਦੀ ਯੋਜਨਾ ਬਣਾ ਰਿਹਾ ਸੀ। ਸੀਬੀਆਈ ਨੇ ਗਰੋਹ ਦੇ ਸੱਤ ਮੈਂਬਰਾਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੋਨੀਪਤ ਦੇ ਨੀਰਜ, ਦਿੱਲੀ ਦੇ ਪੱਛਮੀ ਵਿਹਾਰ ਦੀ ਇੰਦੂ ਪਵਾਰ, ਪਟੇਲ ਨਗਰ ਦੀ ਅਸਲਮ, ਕਨ੍ਹੱਈਆ ਨਗਰ ਦੀ ਪੂਜਾ ਕਸ਼ਯਪ, ਮਾਲਵੀਆ ਨਗਰ ਦੀ ਅੰਜਲੀ, ਕਵਿਤਾ ਅਤੇ ਰੀਤੂ ਸ਼ਾਮਲ ਹਨ। ਇਹ ਗਰੋਹ ਕਥਿਤ ਤੌਰ ’ਤੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਵਟਸਐਪ ਗਰੁੱਪਾਂ ’ਤੇ ਇਸ਼ਤਿਹਾਰਾਂ ਰਾਹੀਂ ਬੱਚੇ ਗੋਦ ਲੈਣ ਦੇ ਚਾਹਵਾਨ ਬੇਔਲਾਦ ਜੋੜਿਆਂ ਨਾਲ ਸੰਪਰਕ ਕਰਦਾ ਸੀ। ਸੀਬੀਆਈ ਦੇ ਬੁਲਾਰੇ ਨੇ ਕਾਰਵਾਈ ਬਾਰੇ ਕਿਹਾ ਕਿ ਇਹ ਕਥਿਤ ਤੌਰ ’ਤੇ ਅਸਲੀ ਮਾਪਿਆਂ ਦੇ ਨਾਲ-ਨਾਲ ‘ਸਰੋਗੇਟ ਮਾਵਾਂ’ ਤੋਂ ਬੱਚੇ ਖਰੀਦਦੇ ਹਨ ਅਤੇ ਇਸ ਤੋਂ ਬਾਅਦ ਨਵਜੰਮੇ ਬੱਚਿਆਂ ਨੂੰ ਪ੍ਰਤੀ ਬੱਚਾ 4 ਤੋਂ 6 ਲੱਖ ਰੁਪਏ ਤੱਕ ਵੇਚਦੇ ਹਨ। ਇਹ ਮੁਲਜ਼ਮ ਕਥਿਤ ਤੌਰ ’ਤੇ ਕਈ ਬੇਔਲਾਦ ਜੋੜਿਆਂ ਨੂੰ ਗੋਦ ਲੈਣ ਨਾਲ ਸਬੰਧਤ ਜਾਅਲੀ ਦਸਤਾਵੇਜ਼ ਬਣਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਿੱਚ ਵੀ ਸ਼ਾਮਲ ਹਨ। ਤਲਾਸ਼ੀ ਦੌਰਾਨ ਸੀਬੀਆਈ ਨੇ 5.5 ਲੱਖ ਰੁਪਏ ਦੀ ਨਕਦੀ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ।