ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਲੁਧਿਆਣਾ/ਮੰਡੀ ਅਹਿਮਦਗੜ੍ਹ, 6 ਅਪਰੈਲ
ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਦੇ ਹੋਏ ਇੱਕ ਵਿਅਕਤੀ ਨੇ ਆਪਣੀ ਮਤਰੇਈ ਲੜਕੀ ਨਾਲ ਜਬਰ-ਜਨਾਹ ਵਗਰੀ ਘਟਨਾ ਅੰਜਾਮ ਦੇ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਲੜਕੀ ਦੇ ਨਾਲ ਜਬਰ-ਜਨਾਹ ਕਰ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ। ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਅਤੇ ਸਾਰੀ ਗੱਲ ਉਸ ਨੇ ਆਪਣੇ ਮਾਮਾ-ਮਾਮੀ ਨੂੰ ਦੱਸੀ। ਜਿਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਡੇਹਲੋਂ ਪੁਲੀਸ ਨੂੰ ਦਿੱਤੀ। ਡੇਹਲੋਂ ਪੁਲੀਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਉਸ ਦੇ ਮਤਰੇਏ ਪਿਓ ਖਿਲਾਫ਼ ਜਬਰ-ਜਨਾਹ ਨੂੰ ਅੰਜਾਮ ਦੇਣ ਦੀ ਧਾਰਾਵਾਂ ਸਮੇਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਮਾਂ ਨੇ ਦੂਸਰਾ ਵਿਆਹ ਕਰਵਾ ਲਿਆ ਸੀ। ਉਹ ਆਪਣੀ ਮਾਂ ਅਤੇ ਮਤਰੇਏ ਪਿਓ ਨਾਲ ਇੱਕ ਹੀ ਘਰ ’ਚ ਰਹਿੰਦੀ ਸੀ। ਕਰੀਬ 7 ਮਹੀਨੇ ਪਹਿਲਾਂ ਜਦੋਂ ਪੀੜਤਾ ਦੀ ਮਾਂ ਕਿਤੇ ਗਈ ਹੋਈ ਸੀ ਤਾਂ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਉਸ ਨੂੰ ਡਰਾਇਆ ਅਤੇ ਧਮਕਾਇਆ। ਉਸ ਨਾਲ ਜਬਰੀ ਸਬੰਧ ਬਣਾਏ। ਪੀੜਤਾ ਨੇ ਕਿਹਾ ਕਿ ਮੁਲਜ਼ਮ ਪਿਓ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਵੀ ਧਮਕੀ ਦਿੱਤੀ। ਕੁਝ ਦਿਨ ਬਾਅਦ ਜਦੋਂ ਉਸ ਦੀ ਸਿਹਤ ਠੀਕ ਨਾ ਰਹਿਣ ਲੱਗੀ ਤਾਂ ਉਹ ਆਪਣੇ ਮਾਮਾ-ਮਾਮੀ ਦੇ ਘਰ ਚਲੀ ਗਈ। ਉਸ ਨੇ ਆਪਣੇ ਮਾਮਾ-ਮਾਮੀ ਨੂੰ ਪਿਤਾ ਦੀ ਗੰਦੀ ਕਰਤੂਤ ਬਾਰੇ ਦੱਸਿਆ। ਜਦੋਂ ਉਹ ਡਾਕਟਰ ਦੇ ਕੋਲ ਗਏ ਤਾਂ ਪਤਾ ਲੱਗਿਆ ਕਿ ਲੜਕੀ ਗਰਭਵਤੀ ਹੈ। ਜਿਸ ਤੋਂ ਬਾਅਦ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਅਤੇ ਮੁਲਜ਼ਮ ਦੇ ਖਿਲਾਫ਼ ਕੇਸ ਦਰਜ ਕਰਵਾਇਆ।